Punjab
Canada ਮੰਦਰ ਹਮਲੇ ਦੇ ਮੁੱਦੇ ’ਤੇ CM Bhagwant Mann ਦਾ ਬਿਆਨ
BHAGWANT MANN : ਕੈਨੇਡਾ ਦੇ ਹਿੰਦੂ ਮੰਦਰ ‘ਤੇ ਹੋਏ ਹਮਲੇ ਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਮੰਗ ਕਰਦਾ ਹਾਂ ਕਿ ਭਾਰਤ ਸਰਕਾਰ ਕੈਨੇਡਾ ਦੀ ਸਰਕਾਰ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਲੱਭੇ ਤਾਂ ਜੋ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨਾ ਵਾਪਰਣ। ਮਾਨ ਨੇ ਕਿਹਾ ਕਿ ਕੈਨੇਡਾ/ਸਰੀ ਪੰਜਾਬੀਆਂ ਦਾ ਦੂਜਾ ਘਰ ਹੈ। ਅੱਜ ਪੰਜਾਬ ਦੇ ਪਿੰਡਾਂ ਦੇ ਹਰ ਦੂਜੇ ਘਰ ਦਾ ਵਿਅਕਤੀ ਵਿਦੇਸ਼ ਵਿਚ ਹੈ। ਮਾਨ ਨੇ ਕਿਹਾ ਕਿ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਸ਼ਾਂਤਮਈ ਲੋਕ ਹਾਂ। ਅਸੀਂ ਜਿੱਥੇ ਵੀ ਜਾਂਦੇ ਹਾਂ ਮਿਹਨਤ ਨਾਲ ਕੰਮ ਕਰਦੇ ਹਾਂ। ਜੇ ਕੋਈ ਅਜਿਹਾ ਕੰਮ ਕਰਦਾ ਹੈ ਤਾਂ ਇਸ ਨਾਲ ਸਾਰੇ ਪੰਜਾਬੀਆਂ ‘ਤੇ ਉਂਗਲ ਉਠਦੀ ਹੈ।
ਦੋਵੇਂ ਭਾਈਚਾਰੇ ਸਾਡੇ ਆਪਣੇ ਹਨ। ਲਿਹਾਜ਼ਾ ਇਸ ਗੱਲ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨਾ ਵਾਪਰਣ। ਮਾਨ ਨੇ ਕਿਹਾ ਕਿ ਐੱਨ. ਆਰ. ਆਈ. ਸਾਡਾ ਅਨਿਖੜਵਾਂ ਅੰਗ ਹਨ, ਜੇ ਕੋਈ ਧਰਮ ਦੀ ਰਾਜਨੀਤੀ ਕਰਦਾ ਹੈ ਤਾਂ ਇਸ ਤੋਂ ਗਲਤ ਹੋਰ ਕੁਝ ਨਹੀਂ ਹੋ ਸਕਦਾ।
ਜਾਣੋ ਕੀ ਹੈ ਮਾਮਲਾ…
ਐਤਵਾਰ ਨੂੰ ਕੈਨੇਡਾ ਦੇ ਬਰੈਂਪਟਨ ਸ਼ਹਿਰ ’ਚ ਹਿੰਦੂ ਸਭਾ ਮੰਦਰ ਨੇੜੇ ਖਾਲਿਸਤਾਨੀ ਵੱਖਵਾਦੀਆਂ ਵੱਲੋਂ ਕੀਤਾ ਗਿਆ ਵਿਰੋਧ ਪ੍ਰਦਰਸ਼ਨ ਕਥਿਤ ਤੌਰ ’ਤੇ ਮੰਦਰ ਵਿਚ ਮੌਜੂਦ ਸ਼ਰਧਾਲੂਆਂ ’ਤੇ ਹਮਲਾ ਕੀਤੇ ਜਾਣ ਤੋਂ ਬਾਅਦ ਹਿੰਸਕ ਹੋ ਗਿਆ। ਇਹ ਵਿਰੋਧ ਮੁਜ਼ਾਹਰਾ ਮੰਦਰ ਵਿਚ ਭਾਰਤੀ ਹਾਈ ਕਮਿਸ਼ਨ ਵੱਲੋਂ ਲੋਕਾਂ ਦੀ ਮਦਦ ਲਈ ਲਾਏ ਗਏ ਕੌਂਸਲਰ ਕੈਂਪ ਦੇ ਖ਼ਿਲਾਫ਼ ਕੀਤਾ ਜਾ ਰਿਹਾ ਸੀ। ਹਾਈ ਕਮਿਸ਼ਨ ਵੱਲੋਂ ਅਕਸਰ ਮੰਦਰਾਂ, ਗੁਰਦੁਆਰਿਆਂ ਅਤੇ ਅਜਿਹੇ ਹੋਰ ਸਥਾਨਾਂ ਉਤੇ ਭਾਰਤੀ ਲੋਕਾਂ ਤੇ ਭਾਰਤੀ-ਕੈਨੇਡੀਅਨਾਂ ਦੇ ਭਾਰਤ ਨਾਲ ਸਬੰਧਤ ਕੰਮ-ਕਾਜ ਦੇ ਨਿਬੇੜੇ ਲਈ ਅਜਿਹੇ ਕੈਂਪ ਲਾਏ ਜਾਂਦੇ ਹਨ। ਇਸ ਕੈਂਪ ਦਾ ਵਿਰੋਧ ਕਰ ਰਹੇ ਵੱਖਵਾਦੀਆਂ ਵਲੋਂ ਹਮਲਾ ਕਰ ਦਿੱਤਾ ਗਿਆ ਸੀ, ਅਤੇ ਦੇਖਦੇ ਹੀ ਦੇਖਦੇ ਸਥਿਤੀ ਗੰਭੀਰ ਬਣ ਗਈ ਸੀ, ਜਿਸ ‘ਤੇ ਬਾਅਦ ਵਿਚ ਪੁਲਸ ਨੇ ਸਖ਼ਤੀ ਨਾਲ ਕਾਬੂ ਪਾਇਆ।