International
ਕੈਨੇਡਾ ਦੀ ਮਹਿਲਾ ਨੇ ਕਰਤੀ ਕਮਾਲ, ਸਿੱਖ ਬੱਚਿਆਂ ਲਈ ਡਿਜ਼ਾਈਨ ਕੀਤੇ ਸਪੈਸ਼ਲ ਹੈਲਮੇਟ
ਅਕਸਰ ਕਹਿੰਦੇ ਨੇ ਕਿ ਲੋੜ ਕਾਢ ਦੀ ਮਾਂ ਹੁੰਦੀ ਹੈ, ਜਿਸ ਕਰਕੇ ਕਈਂ ਲੋਕ ਏਹੋਜੇ ਵੱਖਰੇ ਕੰਮ ਕਰਦੇ ਨੇ ਕਿ ਉਨਾਂ ਦੀ ਚਰਚਾ ਸਭ ਪਾਸੇ ਹੋਣ ਲੱਗ ਜਾਂਦੀ ਹੈ, ਆਓ ਤੁਹਾਨੂੰ ਵੀ ਦੱਸਦੇ ਹਾਂ , ਦਰਅਸਲ ਬਾਈਕ ਚਲਾਉਂਦੇ ਸਮੇਂ ਹਰ ਕਿਸੇ ਲਈ ਹੈਲਮੇਟ ਪਹਿਨਣਾ ਜ਼ਰੂਰੀ ਹੈ। ਇਹ ਸਿਰ ਅਤੇ ਦਿਮਾਗ ਦੀ ਸੱਟ ਦੇ ਖਤਰੇ ਨੂੰ ਘਟਾਉਂਦਾ ਹੈ। ਬਹੁਤ ਸਾਰੇ ਦੇਸ਼ਾਂ ਵਿਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਾਈਕਲ ਚਲਾਉਂਦੇ ਸਮੇਂ ਵੀ ਹੈਲਮੇਟ ਪਹਿਨਣਾ ਲਾਜ਼ਮੀ ਹੈ ਪਰ ਇਕ ਕੈਨੇਡੀਅਨ ਸਿੱਖ ਔਰਤ ਟੀਨਾ ਸਿੰਘ ਨੂੰ ਆਪਣੇ ਪੁੱਤਰਾਂ ਦੇ ਪਟਕਿਆਂ ਦੇ ਅਨੁਕੂਲ ਹੈਲਮੇਟ ਨਹੀਂ ਮਿਲਿਆ।
ਆਮ ਹੈਲਮਟ ਨਾਲ ਬੱਚਿਆਂ ਨੂੰ ਦੇਖ ਉਸਨੂੰ ਲੱਗਾ ਕਿ ਇਹ ਜੂੜੇ ਲਈ ਪੂਰਾ ਫਿੱਟ ਨਹੀਂ ਹੈ, ਇਸ ਤੋਂ ਬਾਅਦ ਉਸ ਨੇ ਖੁਦ ਸਿੱਖ ਬੱਚਿਆਂ ਦੇ ਜੂੜੇ ਦੇ ਹਿਸਾਬ ਨਾਲ ਹੈਲਮੇਟ ਡਿਜ਼ਾਈਨ ਕੀਤਾ। ਜਿਸ ਤੋਂ ਮਗਰੋਂ ਕਾਫੀ ਲੋਕਾਂ ਨੇ ਉਸਦੀ ਤਾਰੀਫ ਕੀਤੀ ਮੀਡੀਆ ਰਿਪੋਰਟਾਂ ਅਨੁਸਾਰ ਇਹ ਖ਼ਾਸ ਤੌਰ ’ਤੇ ਸਿੱਖ ਬੱਚਿਆਂ ਲਈ ਤਿਆਰ ਕੀਤਾ ਗਿਆ ਪਹਿਲਾ ਸੁਰੱਖਿਆ-ਪ੍ਰਮਾਣਿਤ ਮਲਟੀਸਪੋਰਟ ਹੈਲਮੇਟ ਹੈ। ਟੀਨਾ ਸਿੰਘ ਨੇ ਕਿਹਾ, ਮੈਂ ਨਿਰਾਸ਼ ਸੀ ਕਿ ਮੇਰੇ ਬੱਚਿਆਂ ਲਈ ਸਪੋਰਟਸ ਹੈਲਮੇਟ ਦਾ ਕੋਈ ਸੁਰੱਖਿਅਤ ਵਿਕਲਪ ਨਹੀਂ ਸੀ ।
ਆਪਣੇ ਇੰਸਟਾਗ੍ਰਾਮ ‘ਤੇ ਉਹਨਾਂ ਨੇ ਪਹਿਲਕਦਮੀ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ, “ਮੈਂ ਇਕ ਮਾਂ ਹਾਂ ਜਿਸ ਨੇ ਆਪਣੇ ਬੱਚਿਆਂ ਲਈ ਕੁਝ ਕਰਨ ਲਈ ਵਿਸ਼ਵਾਸ ਨਾਲ ਕੰਮ ਕੀਤਾ ਅਤੇ ਤੁਸੀਂ ਬਹੁਤ ਪਿਆਰ ਨਾਲ ਜਵਾਬ ਦਿੱਤਾ ਹੈ”। ਉਹਨਾਂ ਕਿਹਾ ਇਹ ਮੇਰੇ ਲਈ ਇਕ ਸਿੱਖਣ ਵਾਲਾ ਮੌਕਾ ਹੈ, ਇਹ ਅਜਿਹਾ ਕੁਝ ਨਹੀਂ ਹੈ ਜੋ ਮੈਂ ਪਹਿਲਾਂ ਕਦੇ ਕੀਤਾ ਹੋਵੇ।
ਇਥੇ ਇਹ ਵੀ ਦੱਸ ਦਈਏ ਕਿ ਟੀਨਾ ਸਿੰਘ ਪੇਸ਼ੇ ਵਜੋਂ ਇਕ ਥੈਰੇਪਿਸਟ ਹੈ। ਉਹਨਾਂ ਨੇ ਆਪਣੇ ਉਤਪਾਦ “ਸਿੱਖ ਹੈਲਮੇਟ” ਲਈ ਇਕ ਵੈਬਸਾਈਟ ਬਣਾਈ ਹੈ। ਸਿੱਖ ਭਾਈਚਾਰਾ ਹੌਲੀ-ਹੌਲੀ ਸਿੱਖ ਹੈਲਮੇਟ ਅਤੇ ਇਸ ਦੇ ਇੰਸਟਾਗ੍ਰਾਮ ਪੇਜ ਬਾਰੇ ਵੱਧ ਤੋਂ ਵੱਧ ਜਾਗਰੂਕ ਹੋ ਰਿਹਾ ਹੈ ਅਤੇ ਉਹਨਾਂ ਦੀ ਇਸ ਪਹਿਲਕਦਮੀ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।