Connect with us

Punjab

ਚਾਈਨਾ ਡੋਰ ਦੀ ਚਪੇਟ ‘ਚ ਆਇਆ ਨਹਿਰੀ ਵਿਭਾਗ ਦਾ ਮੁਲਾਜ਼ਮ, ਬੁਰੀ ਤਰ੍ਹਾਂ ਹੋਇਆ ਜ਼ਖ਼ਮੀ

Published

on

ਖੰਨਾ ‘ਚ ਚਾਈਨਾ ਡੋਰ ਦਾ ਆਤੰਕ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਪੁਲਿਸ ਤੇ ਪ੍ਰਸ਼ਾਸਨ ਦੇ ਲੱਖ ਦਾਅਵਿਆਂ ਦੇ ਬਾਵਜੂਦ ਚਾਈਨਾ ਡੋਰ ਖੁੱਲ੍ਹੇਆਮ ਆਸਮਾਨ ‘ਚ ਉੱਡਦੀ ਬਾਜ਼ਾਰਾਂ ਵਿੱਚ ਵਿਕਦੀ ਨਜ਼ਰ ਆ ਰਹੀ ਹੈ। ਜਿਸ ਕਾਰਨ ਹਰ ਰੋਜ਼ ਲੋਕ ਜ਼ਖਮੀ ਹੋ ਰਹੇ ਹਨ। ਤਾਜ਼ਾ ਮਮਲਾ ਖੰਨਾ ਦੇ ਸਮਾਧੀ ਰੋਡ ਤੋਂ ਰਤਨਹੇੜੀ ਵੱਲ ਜਾਣ ਵਾਲੇ ਅੰਡਰ ਬ੍ਰਿਜ ਨੇੜੇ ਦਾ ਹੈ। ਜਿੱਥੇ ਨਹਿਰੀ ਵਿਭਾਗ ਦਾ ਇੱਕ ਮੁਲਾਜ਼ਮ ਚਾਈਨਾ ਡੋਰ ਦੀ ਚਪੇਟ ਚ ਆਉਂਣ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।

ਪਿੰਡ ਸਾਹਿਬਪੁਰਾ ਦੇ ਸਰਪੰਚ ਹਰਪ੍ਰੀਤ ਸਿੰਘ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਵਿਭਾਗ ਦਾ ਮੁਲਾਜ਼ਮ ਜ਼ੋਰਾਵਰ ਸਿੰਘ ਮੋਟਰਸਾਈਕਲ ’ਤੇ ਡਿਊਟੀ ਤੋਂ ਘਰ ਪਰਤ ਰਿਹਾ ਸੀ ਕਿ ਰਸਤੇ ਵਿਚ ਚਾਈਨਾ ਡੋਰ ਉਸ ਦੇ ਗਲੇ ਵਿੱਚ ਫਸ ਗਈ ਅਤੇ ਉਸ ਦਾ ਗਲਾ ਬੁਰੀ ਤਰ੍ਹਾਂ ਕੱਟਿਆ ਗਿਆ।ਜ਼ਖਮੀ ਮੁਲਾਜ਼ਮ ਨੂੰ ਤੁਰੰਤ ਖੰਨਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਰੈਫਰ ਕਰ ਦਿੱਤਾ ਗਿਆ। ਜਿੱਥੇ ਜ਼ਖਮੀ ਦਾ ਇਲਾਜ ਇੱਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਹੈ।

ਖੰਨਾ ਸਿਵਲ ਹਸਪਤਾਲ ਦੇ ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਜਦੋਂ ਮਰੀਜ਼ ਉਨ੍ਹਾਂ ਕੋਲ ਆਇਆ ਤਾਂ ਉਸ ਦੀ ਗਰਦਨ ‘ਚ ਡੂੰਘਾ ਕੱਟ ਸੀ। ਚਾਈਨਾ ਡੋਰ ਕਾਰਨ ਉਸ ਦੀ ਗਰਦਨ ‘ਤੇ ਡੂੰਘਾ ਕੱਟ ਲੱਗ ਗਿਆ ਸੀ। ਉਸ ਨੇ ਤੁਰੰਤ ਟਾਂਕੇ ਲਾਏ ਪਰ ਖੂਨ ਵਹਿਣਾ ਬੰਦ ਨਹੀਂ ਹੋ ਰਿਹਾ ਸੀ, ਜਿਸ ਤੋਂ ਬਾਅਦ ਡਾਕਟਰ ਵੱਲੋਂ ਜਖਮਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਰੀਜ਼ ਨੂੰ ਰੈਫਰ ਕਰ ਦਿੱਤਾ ਗਿਆ।

ਦੂਜੇ ਪਾਸੇ ਪਿੰਡ ਸਾਹਿਬਪੁਰਾ ਦੇ ਸਰਪੰਚ ਹਰਪ੍ਰੀਤ ਸਿੰਘ ਅਤੇ ਪੰਚ ਸਤਨਾਮ ਸਿੰਘ ਨੇ ਕਿਹਾ ਕਿ ਪੁਲੀਸ ਨੂੰ ਇਸ ਨੂੰ ਰੋਕਣਾ ਚਾਹੀਦਾ ਹੈ। ਚਾਈਨ ਡੋਰ ਦੀ ਸਮੱਸਿਆ ਆਏ ਸਾਲ ਜਨਮ ਲੈਂਦੀ ਹੈ। ਪ੍ਰਸ਼ਾਸਨ ਦੀ ਸਖ਼ਤੀ ਦੇ ਬਾਵਜੂਦ ਇਸ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ। ਲੋੜ ਹੈ ਸਖ਼ਤ ਐਕਸ਼ਨ ਦੀ, ਤਾਂ ਜੋ ਉਹ ਦੁਕਾਨਦਾਰ ਜੋ ਚੰਦ ਪੈਸਿਆਂ ਦੇ ਲਾਲਚ ਵਿੱਚ ਆ ਕੇ ਲੋਕਾਂ ਦੀ ਸਿਹਤ ਨਾਲ ਵੱਡੇ ਪੱਧਰ ਤੇ ਖਿਲਵਾੜ ਕਰਦੇ ਹਨ, ਉਨ੍ਹਾਂ ਖਿਲਾਫ਼ ਕਾਰਵਾਈ ਕਰਨ ਦੀ।