Punjab
ਕੈਪਟਨ ਅਮਰਿੰਦਰ ਨੇ ਬੱਗਾ ਦੀ ਗ੍ਰਿਫਤਾਰੀ ਦੀ ਕੀਤੀ ਨਿੰਦਾ ਪੰਜਾਬ ਪੁਲਿਸ ਨੂੰ ਕਿਸੇ ‘ਬਾਹਰੀ’ ਵੱਲੋਂ ‘ਦੁਰਵਰਤੋਂ’ ਨਾ ਹੋਣ ਦੇਣ ਲਈ ਕਿਹਾ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ ਭਾਰਤੀ ਜਨਤਾ ਪਾਰਟੀ ਦੇ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਵੱਲੋਂ ਮਨਮਾਨੇ ਢੰਗ ਨਾਲ ਗ੍ਰਿਫ਼ਤਾਰ ਕੀਤੇ ਜਾਣ ਦੀ ਸਖ਼ਤ ਨਿਖੇਧੀ ਕੀਤੀ ਹੈ।
ਉਨ੍ਹਾਂ ਪੰਜਾਬ ਪੁਲਿਸ ਨੂੰ ਵੀ ਕਿਹਾ ਕਿ ਉਹ ਕਿਸੇ ਬਾਹਰੀ ਵਿਅਕਤੀ ਦੇ ਤਾਨਾਸ਼ਾਹੀ ਹੁਕਮਾਂ ਅੱਗੇ ਨਾ ਝੁਕਣ। “ਯਾਦ ਰੱਖੋ, ਅਰਵਿੰਦ ਕੇਜਰੀਵਾਲ ਤੁਹਾਡਾ ਮੁੱਖ ਮੰਤਰੀ ਨਹੀਂ ਹੈ ਅਤੇ ਤੁਸੀਂ ਉਸ ਦੇ ਚਿੱਤ ਪਰਚਾਉਣ ਲਈ ਨਹੀਂ ਹੋ”, ਸਾਬਕਾ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਨੂੰ ਸੁਚੇਤ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਸ ਸਮੇਂ ਪੰਜਾਬ ਪੁਲਿਸ ਨੂੰ ਪਾਕਿਸਤਾਨ ਤੋਂ ਵਿਗੜਦੀ ਅਮਨ-ਕਾਨੂੰਨ ਦੀ ਸਥਿਤੀ ਅਤੇ ਅੱਤਵਾਦ ਦੇ ਖਤਰੇ ਨਾਲ ਨਜਿੱਠਣ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਤਾਂ ਉਨ੍ਹਾਂ ਨੂੰ ਦੂਜੇ ਸੂਬਿਆਂ ‘ਚ ਕੇਜਰੀਵਾਲ ਦੇ ਸਿਆਸੀ ਵਿਰੋਧੀਆਂ ਨੂੰ ਠੀਕ ਕਰਨ ਦਾ ਕੰਮ ਸੌਂਪਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜਿੱਥੇ ਪੁਲਿਸ ਨੇ ਬੱਗਾ ਨੂੰ ਅੱਜ ਗਿ੍ਫ਼ਤਾਰ ਕੀਤਾ ਹੈ, ਉਥੇ ਹੀ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਡਾਕਟਰ ਕੁਮਾਰ ਵਿਸ਼ਵਾਸ ਅਤੇ ਅਲਕਾ ਲਾਂਬਾ ‘ਤੇ ਵੀ ਮਾਮਲਾ ਦਰਜ ਕੀਤਾ ਸੀ। ਇੱਥੋਂ ਤੱਕ ਕਿ ਅਦਾਲਤ ਨੇ ਵੀ ਕਿਹਾ ਕਿ ਵਿਸ਼ਵਾਸ ਦੇ ਖਿਲਾਫ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਸੀ।
ਸਾਬਕਾ ਮੁੱਖ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਆਪਣੀ ਪੁਲਿਸ ਫੋਰਸ ਦੀ ਦੁਰਵਰਤੋਂ ਵਿਰੁੱਧ ਡਟਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਿਰਫ਼ ਇੱਕ ਵਿਅਕਤੀ ਦੀ ਹਉਮੈ ਨੂੰ ਸੰਤੁਸ਼ਟ ਕਰਨ ਲਈ ਤਿੰਨ ਰਾਜਾਂ ਦਿੱਲੀ, ਪੰਜਾਬ ਅਤੇ ਹਰਿਆਣਾ ਦੀ ਪੁਲਿਸ ਨੂੰ ਬਦਸੂਰਤ ਅਤੇ ਮੰਦਭਾਗੀ ਸਥਿਤੀ ਵਿੱਚ ਪਾ ਦਿੱਤਾ ਗਿਆ ਹੈ। “ਇਸ ਲਈ ਸਿਰਫ ਕੇਜਰੀਵਾਲ ਹੀ ਦੋਸ਼ੀ ਹੈ,” ਉਨ੍ਹਾਂ ਨੇ ਟਿੱਪਣੀ ਕੀਤੀ।
ਕੈਪਟਨ ਅਮਰਿੰਦਰ ਨੇ ਕਿਹਾ, ਬੱਗਾ ਖਿਲਾਫ ਮਾਮਲਾ ਗਲਤ ਸੀ। “ਸਿਰਫ਼ ਕਿਉਂਕਿ ਉਹ (ਬੱਗਾ) ਕੇਜਰੀਵਾਲ ਦੀ ਆਲੋਚਨਾ ਕਰਦਾ ਹੈ, ਇਸਦਾ ਮਤਲਬ ਇਹ ਨਹੀਂ ਕਿ ਉਸਨੂੰ ਸਲਾਖਾਂ ਪਿੱਛੇ ਸੁੱਟ ਦਿੱਤਾ ਜਾਵੇ,” ਉਨ੍ਹਾਂ ਨੇ ਕਿਹਾ।
“ਤੁਸੀਂ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਹੋ ਅਤੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਚੁਣਿਆ ਹੈ, ਕੇਜਰੀਵਾਲ ਨੇ ਨਹੀਂ”, ਉਨ੍ਹਾਂ ਮਾਨ ਨੂੰ ਆਪਣਾ ਅਹੁਦਾ ਅਤੇ ਉਸਦੀ ਜ਼ਿੰਮੇਵਾਰੀ ਨੂੰ ਸਮਝਣ ਲਈ ਕਿਹਾ। “ਇੱਕ ਅਸਲੀ ਪੰਜਾਬੀ ਲੀਡਰ ਵਾਂਗ ਕੰਮ ਕਰੋ ਅਤੇ ਵਿਵਹਾਰ ਕਰੋ ਅਤੇ ਕਿਸੇ ਬਾਹਰੀ ਵਿਅਕਤੀ ਦੇ ਥੱਲੇ ਨਾ ਲਗੋ ਜੋ ਦੇਖਿਆ ਜਾਏ ਤਾਂ ਤੁਹਾਡੇ ਤੋਂ ਜੂਨੀਅਰ ਹੈ”।