Connect with us

Corona Virus

ਪੰਜਾਬ ਦੇ ਮੁੱਖ ਮੰਤਰੀ ਨੇ ਬੱਸਾਂ ’ਤੇ 50 ਫੀਸਦੀ ਸਵਾਰੀਆਂ ਲਿਜਾਣ ਦੀ ਰੋਕ ਹਟਾਈ

Published

on

ਚੰਡੀਗੜ, 27 ਜੂਨ : ਤੇਲ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਹੋਣ ਕਰਕੇ ਜਨਤਕ ਆਵਾਜਾਈ ਦੀ ਬੇਵੱਸੀ ਕਾਰਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿੰਨੀ ਬੱਸਾਂ ਸਮੇਤ ਸਾਰੀਆਂ ਬੱਸਾਂ ਵਿੱਚ ਸਵਾਰੀਆਂ ਲਿਜਾਣ ਦੀ ਸਮਰਥਾ ’ਤੇ ਲਾਈ ਰੋਕ ਨੂੰ ਹਟਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਬੱਸਾਂ ਵਿੱਚ ਸਫਰ ਦੌਰਾਨ ਹਰੇਕ ਸਵਾਰੀ ਨੂੰ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਮੁੱਖ ਮੰਤਰੀ ਦੇ ਇਹ ਐਲਾਨ ਅੱਜ ਹਰਿਆਊ ਖੁਰਦ ਦੇ ਇਕ ਵਸਨੀਕ ਵੱਲੋਂ ਬੱਸਾਂ ਨਾ ਚੱਲਣ ਕਰਕੇ ਪਾਤੜਾਂ ਆਉਣ-ਜਾਣ ਵਿੱਚ ਦਰਪੇਸ਼ ਸਮੱਸਿਆਵਾਂ ਦੇ ਸਬੰਧ ਵਿੱਚ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਕੀਤਾ। ਸੂਬਾ ਸਰਕਾਰ ਨੇ ਇਸ ਤੋਂ ਪਹਿਲਾਂ ਕੋਵਿਡ ਦੇ ਸੰਕਟ ਕਾਰਨ 50 ਫੀਸਦੀ ਸਵਾਰੀਆਂ ਦੀ ਸਮਰਥਾ ਨਾਲ ਬੱਸਾਂ ਚਲਾਉਣ ਦੀ ਆਗਿਆ ਦਿੱਤੀ ਸੀ।

‘ਕੈਪਟਨ ਨੂੰ ਸਵਾਲ’ ਪ੍ਰੋਗਰਾਮ ਦੀ ਅਗਲੀ ਲੜੀ ਤਹਿਤ ਅੱਜ ਦੇ ਫੇਸਬੁੱਕ ਲਾਈਵ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਪਤਾ ਲੱਗਾ ਹੈ ਕਿ ਇਸ ਨਾਲ ਹੋਣ ਵਾਲੇ ਵਿੱਤੀ ਘਾਟੇ ਖਾਸ ਕਰਕੇ ਡੀਜ਼ਲ ਤੇ ਪੈਟਰੋਲ ਦੀਆਂ ਰੋਜ਼ਾਨਾ ਵਧ ਰਹੀਆਂ ਕੀਮਤਾਂ ਕਾਰਨ ਮਿੱਥੀ ਗਈ ਸਮਰਥਾ ਨਾਲ ਬੱਸਾਂ ਚਲਾਉਣ ਤੋਂ ਇਨਕਾਰ ਕਰ ਰਹੀਆਂ ਹਨ। ਉਨਾਂ ਕਿਹਾ ਕਿ ਇਸ ਨਾਲ ਯਾਤਰੀਆਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਨੇ ਸਫਰ ਦੌਰਾਨ ਮਾਸਕ ਪਹਿਨਣ ਦੀ ਸਖਤੀ ਨਾਲ ਪਾਲਣਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਕਿਉਂ ਜੋ ਮਾਸਕ ਨਾਲ ਕੋਵਿਡ ਦਾ ਫੈਲਾਅ 70 ਫੀਸਦੀ ਤੱਕ ਘਟ ਸਕਦਾ ਹੈ।
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ ਇਸ ਬਾਰੇ ਪਹਿਲਾਂ ਹੀ ਮਤਾ ਪਾਸ ਕਰ ਚੁੱਕੀ ਹੈ ਅਤੇ ਉਨਾਂ ਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਇਹ ਇਜ਼ਾਫਾ ਵਾਪਸ ਲਵੇਗੀ।