International
ਚੈਂਪੀਅਨਜ਼ ਟਰਾਫੀ ਦਾ ਆਗਾਜ਼, ਅੱਜ ਪਾਕਿਸਤਾਨ ਤੇ ਨਿਊਜ਼ੀਲੈਂਡ ਵਿਚਾਲੇ ਹੋਵੇਗੀ ਟੱਕਰ

ਅੱਜ ਤੋਂ ਆਈ.ਸੀ.ਸੀ ਚੈਂਪੀਅਨਜ਼ ਟਰਾਫੀ 2025 ਦਾ ਆਗਾਜ਼ ਹੋ ਰਿਹਾ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਅੱਜ ਗਰੁੱਪ-ਏ ਦੀ ਟੀਮ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਕਰਾਚੀ ਵਿੱਚ ਖੇਡਿਆ ਜਾਵੇਗਾ।ਇਹ ਮੈਚ 2.30 ਵਜੇ ਸ਼ੁਰੂ ਹੋਵੇਗਾ। ਅੱਠ ਟੀਮਾਂ ਖਿਤਾਬ ਦੀ ਦੌੜ ਵਿੱਚ ਹਨ। ਭਾਰਤੀ ਟੀਮ ਦੇ ਮੈਚ ਦੁਬਈ ਵਿੱਚ ਹੋਣਗੇ, ਜਦਕਿ ਬਾਕੀ ਟੀਮਾਂ ਪਾਕਿਸਤਾਨ ਵਿੱਚ ਖੇਡਣਗੀਆਂ, ਜਿੱਥੇ 1996 ਵਿਸ਼ਵ ਕੱਪ ਤੋਂ ਬਾਅਦ ਪਹਿਲਾ ਆਈਸੀਸੀ ਟੂਰਨਾਮੈਂਟ ਹੋ ਰਿਹਾ ਹੈ।
ਦੱਸ ਦੇਈਏ ਕਿ ਪਾਕਿਸਤਾਨ ਡਿਫੈਂਡਿੰਗ ਚੈਂਪੀਅਨ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ ਸਾਲ 2000 ਵਿੱਚ ਖ਼ਿਤਾਬ ਜਿੱਤਿਆ ਸੀ। ਪਾਕਿਸਤਾਨ ਟੂਰਨਾਮੈਂਟ ਦੇ ਇਤਿਹਾਸ ਵਿੱਚ ਹੁਣ ਤੱਕ ਨਿਊਜ਼ੀਲੈਂਡ ਨੂੰ ਹਰਾਉਣ ਵਿੱਚ ਕਾਮਯਾਬ ਨਹੀਂ ਹੋਇਆ ਹੈ।
ਇਸ ਮਹੀਨੇ ਦੀ 14 ਤਰੀਕ ਨੂੰ ਵਨਡੇ ‘ਚ ਆਖਰੀ ਵਾਰ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸਨ। ਜਦੋਂ ਨਿਊਜ਼ੀਲੈਂਡ ਨੇ ਤਿਕੋਣੀ ਸੀਰੀਜ਼ ਦੇ ਫਾਈਨਲ ‘ਚ ਪਾਕਿਸਤਾਨ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ 23 ਫਰਵਰੀ ਨੂੰ ਆਹਮੋ-ਸਾਹਮਣੇ ਹੋਣਗੀਆਂ। ਦੋ ਕੱਟੜ ਵਿਰੋਧੀਆਂ ਵਿਚਕਾਰ ਮੁਕਾਬਲੇ ਨੂੰ ‘ਮਹਾਮੁਕਾਬਲਾ’ ਦਾ ਨਾਂ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਪਾਕਿਸਤਾਨ ਨੇ ਆਖਰੀ ਵਾਰ 2017 ਵਿੱਚ ਖਿਤਾਬ ਜਿੱਤਿਆ ਸੀ। ਪਹਿਲੇ ਮੈਚ ਵਿੱਚ ਪਾਕਿਸਤਾਨ ਦੀ ਟੀਮ ਨਿਊਜ਼ੀਲੈਂਡ ਖ਼ਿਲਾਫ਼ ਭਿੜੇਗੀ। ਇਸ ਦੌਰਾਨ ਟੀਮ ਸਮੀਕਰਨਾਂ ਤੋਂ ਇਲਾਵਾ ਖਿਡਾਰੀਆਂ ’ਤੇ ਵੀ ਨਜ਼ਰਾਂ ਹੋਣਗੀਆਂ, ਜਿਨ੍ਹਾਂ ਵਿੱਚ ਪਹਿਲਾ ਨਾਮ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਹੈ। ਆਧੁਨਿਕ ਕ੍ਰਿਕਟ ਦੇ ਦੋਵੇਂ ਨਾਮੀ ਆਪਣੇ ਕਰੀਅਰ ਦੇ ਆਖਰੀ ਪੜਾਅ ’ਤੇ ਹਨ ਅਤੇ ਉਹ ਜਿੱਤ ਨਾਲ ਵਿਦਾ ਹੋਣਾ ਚਾਹੁਣਗੇ। ਭਾਰਤੀ ਟੀਮ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ 2013 ਦੀ ਚੈਂਪੀਅਨਜ਼ ਟਰਾਫੀ ਤੋਂ ਬਾਅਦ ਕੋਈ ਵੀ ਇੱਕ ਰੋਜ਼ਾ ਖਿਤਾਬ ਨਹੀਂ ਜਿੱਤਿਆ। ਭਾਰਤ ਟੂਰਨਾਮੈਂਟ ਵਿੱਚ ਖਿਤਾਬ ਦੇ ਮਜ਼ਬੂਤ ਦਾਅਵੇਦਾਰ ਵਜੋਂ ਉਤਰੇਗਾ।
ਉਧਰ ਆਸਟਰੇਲੀਆ ਆਪਣੇ ਮੁੱਖ ਤੇਜ਼ ਗੇਂਦਬਾਜ਼ਾਂ ਪੈਟ ਕਮਿਨਸ, ਮਿਸ਼ੇਲ ਸਟਾਰਕ ਅਤੇ ਜੋਸ਼ ਹੇਜ਼ਲਵੁੱਡ ਤੋਂ ਬਿਨਾਂ ਟੂਰਨਾਮੈਂਟ ਵਿੱਚ ਆਇਆ ਹੈ ਪਰ ਉਸ ਕੋਲ ਅਜਿਹੇ ਬੱਲੇਬਾਜ਼ ਹਨ, ਜੋ ਇੱਕ ਰੋਜ਼ਾ ਵੰਨਗੀ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹਨ। ਇੰਗਲੈਂਡ ਦੇ ਕੁਝ ਮੁੱਖ ਖਿਡਾਰੀਆਂ ’ਤੇ ਵਧਦੀ ਉਮਰ ਅਤੇ ਖਰਾਬ ਲੈਅ ਹਾਵੀ ਹੈ। ਪਰ ਜੋਸ ਬਟਲਰ, ਜੋਅ ਰੂਟ ਅਤੇ ਲੀਅਮ ਲਿਵਿੰਗਸਟਨ ਤੋਂ ਆਖਰੀ ਵਾਰ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਸਕਦੀ। ਅਫਗਾਨਿਸਤਾਨ ਦੀ ਜਿੱਤ ਨੂੰ ਹੁਣ ਕੋਈ ਉਲਟਫੇਰ ਨਹੀਂ ਮੰਨਿਆ ਜਾਂਦਾ। ਉਸ ਕੋਲ ਰਾਸ਼ਿਦ ਖਾਨ, ਆਈਸੀਸੀ ਦਾ ਸਾਲ ਦਾ ਸਰਬੋਤਮ ਇੱਕ ਰੋਜ਼ਾ ਕ੍ਰਿਕਟਰ ਅਜ਼ਮਤੁੱਲਾ ਉਮਰਜ਼ਈ ਅਤੇ ਰਹਿਮਾਨੁੱਲਾ ਗੁਰਬਾਜ਼ ਵਰਗੇ ਮੈਚ ਜੇਤੂ ਖਿਡਾਰੀ ਹਨ।
ਜੇਕਰ ਗੱਲ ਕਰੀਏ ਪਾਕਿਸਤਾਨ ਟੀਮ ਬਾਰੇ ਤਾਂ ਟੀਮ ‘ਚ ਕਈ ਮਹਾਨ ਖਿਡਾਰੀ ਹਨ ਜੋ ਆਉਣ ਵਾਲੇ ਟੂਰਨਾਮੈਂਟ ‘ਚ ਆਪਣੀ ਛਾਪ ਛੱਡਦੇ ਨਜ਼ਰ ਆ ਸਕਦੇ ਹਨ। ਇਨ੍ਹਾਂ ‘ਚੋਂ ਇਕ ਅਨੁਭਵੀ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਹੈ। ਅੰਤਰਰਾਸ਼ਟਰੀ ਕ੍ਰਿਕਟ ‘ਚ ਸ਼ਾਹੀਨ ਸ਼ਾਹ ਅਫਰੀਦੀ ਦਾ ਪ੍ਰਦਰਸ਼ਨ ਹਮੇਸ਼ਾ ਹੀ ਚੰਗਾ ਰਿਹਾ ਹੈ। ਬਹੁਤ ਵਧੀਆ ਗੇਂਦਬਾਜ਼ੀ ਕਰਕੇ ਉਸ ਨੇ ਕਈ ਅਹਿਮ ਮੈਚਾਂ ਵਿੱਚ ਪਾਕਿਸਤਾਨੀ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ।