Connect with us

Punjab

ਪੰਥ ਦੇ ਵਡੇਰੇ ਹਿੱਤਾਂ ਲਈ ਬੀਬੀ ਜਗੀਰ ਕੌਰ ਚੋਣ ਲੜਨ ਦਾ ਫੈਸਲਾ ਬਦਲਣ : ਚੀਮਾ, ਰੀਆ

Published

on

ਫਤਿਹਗੜ੍ਹ ਸਾਹਿਬ:

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਲੜਣ ਦੇ ਇੱਛੁਕ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਪੰਥ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਆਪਣਾ ਫ਼ੈਸਲਾ ਬਦਲਣ, ਜਿਸ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਫਤਿਹਗਡ਼੍ਹ ਸਾਹਿਬ ਦੇ ਇੰਚਾਰਜ ਜਗਦੀਪ ਸਿੰਘ ਚੀਮਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਰਿਆ ਨੇ ਫਤਹਿਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਆਗੂਆਂ ਨੇ ਕਿਹਾ ਕਿ  ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਬਹੁਤ ਹੀ ਸਤਿਕਾਰਤ ਦਰਜਾ ਹੈ, ਤੇ ਪਾਰਟੀ ਵੱਲੋਂ ਵੀ ਉਨ੍ਹਾਂ ਨੂੰ ਸਮੇਂ ਸਮੇਂ ਤੇ ਪੂਰਾ ਮਾਣ ਸਨਮਾਨ ਦਿੱਤਾ ਜਾਂਦਾ ਰਿਹਾ ਹੈ, ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ  ਕੈਬਨਿਟ ਮੰਤਰੀ ਬਣਾਇਆ ਗਿਆ, ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਪ੍ਰਧਾਨਗੀ ਦੇ ਕੇ ਨਿਵਾਜਿਆ ਗਿਆ ਅਤੇ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਕਰਨ ਦਾ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਣ ਬਖਸ਼ਿਆ ਗਿਆ, ਤੇ  ਇਸ ਸਭ ਕੁਝ ਨੂੰ ਦੇਖਦਿਆਂ ਹੋਇਆਂ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਵਿੱਚ ਖੜ੍ਹਨਾ ਚਾਹੀਦਾ ਹੈ

ਜਥੇਦਾਰ ਚੀਮਾ ਤੇ ਰੀਆ ਨੇ ਕਿਹਾ ਕਿ  ਸਿੱਖ ਪੰਥ ਨੂੰ ਕਮਜ਼ੋਰ ਕਰਨ ਲਈ  ਜਦੋਂ ਵਿਰੋਧੀ ਤਾਕਤਾਂ ਵੱਲੋਂ ਪਹਿਲਾਂ ਹੀ  ਵੱਡੇ ਪੱਧਰ ਤੇ ਹਮਲੇ ਕੀਤੇ ਜਾ ਰਹੇ ਹਨ  ਜਿਸ ਨੂੰ ਦੇਖਦਿਆਂ ਹੋਇਆਂ ਸਮੁੱਚੇ ਪੰਥ ਨੂੰ ਇਕੱਠਾ ਹੋਣਾ ਚਾਹੀਦਾ ਹੈ ਕਿਉਂਕਿ  ਇੱਕਜੁਟਤਾ ਨਾਲ ਹੀ ਇਨ੍ਹਾਂ ਪੰਥ ਵਿਰੋਧੀ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕਦਾ ਹੈ । ਆਗੂਆਂ ਨੇ ਕਿਹਾ ਕਿ  ਸ਼੍ਰੋਮਣੀ ਕਮੇਟੀ ਦੀ ਅੱਡਰੀ ਤੇ ਮਹਾਨ ਹਸਤੀ ਨੂੰ ਕਾਇਮ ਰੱਖਣ ਲਈ  ਸਮੁੱਚੇ ਪੰਥ ਨੂੰ ਇਕ ਮੰਚ ਤੇ ਇਕੱਠਾ ਹੋਣਾ ਪਵੇਗਾ  ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਵੀ ਆਪਣਾ ਅਹਿਮ ਯੋਗਦਾਨ ਦੇਣਾ ਚਾਹੀਦਾ ਹੈ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਫਤਿਹਗਡ਼੍ਹ ਸਾਹਿਬ ਦੇ ਆਬਜ਼ਰਵਰ ਦਿਲਬਾਗ ਸਿੰਘ ਬਾਘਾ, ਆਬਜ਼ਰਵਰ ਜਤਿੰਦਰ ਸਿੰਘ ਬੱਬੂ ਭੈਣੀ, ਅਕਾਲੀ ਦਲ ਦੇ ਜ਼ਿਲ੍ਹਾ ਮੁੱਖ ਬੁਲਾਰਾ ਹਰਵਿੰਦਰ ਸਿੰਘ ਬੱਬਲ, ਗੁਰਦੀਪ ਸਿੰਘ ਨੌਲਖਾ, ਕਸ਼ਮੀਰਾ ਸਿੰਘ ਬਿਲਾਸਪੁਰ, ਅਕਾਲੀ ਆਗੂ ਨਰਿੰਦਰ ਸਿੰਘ ਰਸੀਦਪੁਰਾ, ਸੁਖਦੇਵ ਸਿੰਘ ਮੰਡੋਫਲ  ਤੇ ਹੋਰ ਅਕਾਲੀ ਦਲ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ ।