Uncategorized
4 ਕੈਦੀ ਨੂੰ ਗ੍ਰਿਫ਼ਤਾਰ ਕਰਕੇ ਹਰ ਪਹਿਲੂ ਨੂੰ ਖੰਗਾਲ ਰਿਹੈ CIA ਸਟਾਫ
ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਬੀਤੇ ਦਿਨੀਂ ਹੋਈ ਗੈਂਗਵਾਰ ਦੌਰਾਨ ਕੈਦੀ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਨੇ ਚਾਰ ਕੈਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਰਿਮਾਂਡ ’ਤੇ ਲਿਆਂਦੇ ਗਏ ਕੈਦੀ ਅਵਤਾਰ ਸਿੰਘ ਤਾਰੀ, ਕੈਦੀ ਗੁਰਜੰਟ ਸਿੰਘ, ਕੈਦੀ ਹਰਪ੍ਰੀਤ ਸਿੰਘ ਅਤੇ ਕੈਦੀ ਸੁਲਤਾਨ ਸਿੰਘ ਤੋਂ ਸੀ. ਆਈ. ਏ. ਸਟਾਫ ਬਰੀਕੀ ਨਾਲ ਪੁੱਛਗਿੱਛ ਕਰ ਰਿਹਾ ਹੈ। ਬਹੁਤ ਜਲਦ ਜੇਲ੍ਹ ਵਿੱਚ ਹੋਈ ਇਸ ਹੱਤਿਆ ਦੀ ਸਾਜ਼ਿਸ਼ ਦਾ ਬਲਿਊ ਪ੍ਰਿੰਟ ਤਿਆਰ ਕਰ ਲਿਆ ਜਾਵੇਗਾ। ਇਸ ਸਾਜ਼ਿਸ਼ ਨਾਲ ਜੁੜੇ ਹਰ ਕੈਦੀ ਅਤੇ ਉਨ੍ਹਾਂ ਅਧਿਕਾਰੀਆਂ ਦੇ ਨਾਂ ਵੀ ਸਾਹਮਣੇ ਲਿਆਂਦੇ ਜਾਣਗੇ, ਜਿਨ੍ਹਾਂ ਦਾ ਇਸ ਹੱਤਿਆ ਨਾਲ ਜੁੜੇ ਹੋਣ ਦਾ ਸਬੂਤ ਮਿਲੇਗਾ। ਫਿਲਹਾਲ ਜਾਂਚ ਕਰ ਰਹੇ ਸੀ. ਆਈ. ਏ. ਸਟਾਫ ਦੇ ਅਧਿਕਾਰੀ ਇਸ ’ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ ਪਰ ਲਖਵਿੰਦਰ ਸਿੰਘ ਉਰਫ ਲੱਖਾ ਬਾਬਾ ਦੀ ਹੱਤਿਆ ਇਕ ਗਹਿਰੀ ਸਾਜ਼ਿਸ਼ ਦਾ ਨਤੀਜਾ ਹੈ। ਆਓ ਤੁਹਾਨੂੰ ਪੂਰਾ ਮਾਮਲਾ ਵਿਸਥਾਰ ਤਿਹਤ ਦੱਸਦੇ ਹਾਂ।
ਐਤਵਾਰ ਦੇਰ ਰਾਤ ਕੇਂਦਰੀ ਜੇਲ੍ਹ ਵਿੱਚ ਹੋਈ ਗੈਂਗਵਾਰ ਦੌਰਾਨ ਲਖਵਿੰਦਰ ਸਿੰਘ ਉਰਫ ਲੱਖਾ ਬਾਬਾ ਦੀ ਕੁੱਟਮਾਰ ਕਰ ਕੇ ਹੱਤਿਆ ਕੀਤੀ ਗਈ ਸੀ, ਜਿਸ ਵਿੱਚ ਉਸ ਦੇ ਦੋ ਸਾਥੀ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਦੇਰ ਰਾਤ ਇਲਾਜ ਲਈ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਇਸ ਹੱਤਿਆਕਾਂਡ ਵਿੱਚ ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਅਵਤਾਰ ਸਿੰਘ ਤਾਰੀ, ਸੁਲਤਾਨ ਸਿੰਘ, ਗੁਰਜੰਟ ਸਿੰਘ ਅਤੇ ਹਰਪ੍ਰੀਤ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਸੀ। ਹਮਲਾ ਪੁਰਾਣੀ ਰੰਜਿਸ਼ ਕਾਰਨ ਹੋਇਆ ਸੀ, ਜਿਸ ਵਿੱਚ ਲਖਵਿੰਦਰ ਸਿੰਘ ਉਰਫ ਲੱਖਾ ਬਾਬਾ ਨੂੰ ਆਪਣੀ ਜਾਨ ਗਵਾਉਣੀ ਪਈ। ਮਾਮਲਾ ਦਰਜ ਹੋਣ ਦੇ ਬਾਅਦ ਇਸ ਦੀ ਜਾਂਚ ਸੀ. ਆਈ. ਏ. ਸਟਾਫ ਨੂੰ ਸੌਂਪ ਦਿੱਤੀ ਗਈ ਸੀ ਤੇ ਮਾਮਲੇ ਵਿੱਚ ਸ਼ਾਮਲ ਚਾਰੋਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਰੰਟ ਦੇ ਅਦਾਲਤ ਤੋਂ ਤਿੰਨ ਦਿਨਾਂ ਦੇ ਪੁਲਸ ਰਿਮਾਂਡ ’ਤੇ ਲਿਆਂਦਾ ਗਿਆ ਹੈ। ਇਸ ਦੌਰਾਨ ਡੀ. ਸੀ. ਪੀ. ਇਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਹੋਈ ਹੱਤਿਆ ਇਕ ਗੰਭੀਰ ਮਾਮਲਾ ਹੈ, ਜਿਸ ’ਤੇ ਉਨ੍ਹਾਂ ਦੇ ਅਧਿਕਾਰੀਆਂ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਗੱਲ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਨ੍ਹਾਂ ਹਾਲਾਤਾਂ ਵਿੱਚ ਜੇਲ੍ਹ ਦੀ ਬੈਰਕ ਵਿੱਚ ਗੈਂਗਵਾਰ ਤਬਦੀਲ ਹੋਈ ਅਤੇ ਇਕ ਕੈਦੀ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਇਸ ’ਤੇ ਅਧਿਕਾਰੀਆਂ ਵੱਲੋਂ ਇਕ ਰਿਪੋਰਟ ਬਣਾਈ ਜਾ ਰਹੀ ਹੈ।