Punjab
ਅਵਾਰਾ ਪਸ਼ੂਆਂ ਨੂੰ ਬੇਹੋਸ਼ ਕਰਨ ਵਾਲੇ ਟੀਕਿਆਂ ਨੂੰ ਲੈ ਕੇ ਨਗਰ ਕੌਂਸਲ ਜੀਰਾ ਤੇ ਪਸ਼ੂ ਹਸਪਤਾਲ ਦੇ ਅਧਿਕਾਰੀ ਆਹਮੋ ਸਾਹਮਣੇ

13 ਦਸੰਬਰ 2023: ਨਗਰ ਕੌਂਸਲ ਜੀਰਾ ਵੱਲੋਂਸ਼ਹਿਰ ਵਿੱਚ ਘੁੰਮਦੇ ਅਵਾਰਾ ਅਤੇ ਬੇਸਹਾਰਾ ਪਸ਼ੂਆਂ ਨੂੰ ਕਾਬੂ ਕਰਕੇ ਗਊਸ਼ਾਲਾ ਸਿੱਖਾਂ ਵਾਲੀ ਬੀੜ ਫਰੀਦਕੋਟ ਵਿਖੇ ਪਹੁੰਚਾਉਣ ਦੇ ਲਈ ਪਿਛਲੇ ਕੁਝ ਦਿਨਾਂ ਤੋਂ ਇੱਕ ਮੁਹਿੰਮ ਚਲਾਈ ਗਈ ਹੈ।ਇਸ ਮੁਹਿੰਮ ਦੇ ਤਹਿਤ ਪਸ਼ੂਆਂ ਨੂੰ ਕਾਬੂ ਕਰਨ ਲਈ ਬੇਹੋਸ਼ੀ ਦੇ ਟੀਕੇ ਲਗਾਉਣ ਦੀ ਅਕਸਰ ਹੀ ਲੋੜ ਪੈ ਜਾਂਦੀ ਹੈ।ਇਸ ਮੁਹਿੰਮ ਦੇ ਦੌਰਾਨ ਅੱਜ ਜਦੋਂ ਨਗਰ ਕੌਂਸਲ ਜੀਰਾ ਦੇ ਅਧਿਕਾਰੀ ਬੇਸਹਾਰਾ ਪਸ਼ੂਆਂ ਨੂੰ ਕਾਬੂ ਕਰਨ ਲੱਗੇ ਤਾਂ ਪਸ਼ੂ ਹਸਪਤਾਲ ਜੀਰਾ ਵੱਲੋਂ ਬੇਹੋਸ਼ੀ ਦੇ ਮੁਹਈਆ ਕਰਵਾਏ ਜਾਂਦੇ ਟੀਕਿਆਂ ਨੂੰ ਲੈ ਕੇ ਨਗਰ ਕੌਂਸਲ ਜੀਰਾ ਦੇ ਕਾਰਜ ਸਾਧਕ ਅਫਸਰ ਅਤੇ ਪਸ਼ੂ ਹਸਪਤਾਲ ਦੇ ਸੀਨੀਅਰ ਵੈਟਨਰੀ ਅਫਸਰ ਦਰਮਿਆਨ ਟੀਕਿਆਂ ਨੂੰ ਲੈ ਕੇ ਤਿੱਖੀ ਬਹਿਸ ਹੋ ਗਈ। ਇਸ ਦੌਰਾਨ ਨਗਰ ਕੌਂਸਲ ਜੀਰਾ ਦੇ ਕਾਰਜ ਸਾਧਕ ਅਫਸਰ ਧਰਮਪਾਲ ਸਿੰਘ ਨੇ ਪਸ਼ੂ ਹਸਪਤਾਲ ਜੀਰਾ ਦੇ ਅਧਿਕਾਰੀਆਂ ਤੇ ਦੋਸ਼ ਲਗਾਉਂਦਿਆਂ ਕਿਹਾ ਗਿਆ ਕਿ ਬੇਸਹਾਰਾ ਪਸ਼ੂਆਂ ਨੂੰ ਕਾਬੂ ਕਰਨ ਲਈ ਬੇਹੋਸ਼ੀ ਦੇ ਟੀਕੇ ਪਸ਼ੂ ਹਸਪਤਾਲ ਵੱਲੋਂ ਮੁਹਈਆ ਕਰਵਾਉਣ ਲਈ ਵੈਟਰਨਰੀ ਅਫਸਰ ਨੂੰ ਪਹਿਲਾਂ ਤੋਂ ਹੀ ਸੂਚਿਤ ਕੀਤਾ ਗਿਆ ਸੀ ਪਰ ਉਹਨਾਂ ਵੱਲੋਂ ਟੀਕੇ ਮੁਹਈਆ ਨਹੀਂ ਕਰਵਾਏ ਗਏ ।
ਦੂਸਰੇ ਪਾਸੇ ਵੈਟਰਨਰੀ ਅਫਸਰ ਜੀਰਾ ਨੇ ਨਗਰ ਕੌਂਸਲ ਅਧਿਕਾਰੀਆਂ ਦੇ ਇਲਜ਼ਾਮਾਂ ਨੂੰ ਦਰਕਨਾਰ ਕਰਦਿਆਂ ਕਿਹਾ ਕਿ ਬੇਸਹਾਰਾ ਪਸ਼ੂਆਂ ਨੂੰ ਬੇਹੋਸ਼ ਕਰਨ ਲਈ ਟੀਕੇ ਮੁਹਈਆ ਕਰਵਾਉਣਾ ਉਹਨਾਂ ਦੇ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ।ਪਰ ਇਸ ਦੇ ਬਾਵਜੂਦ ਉਨਾਂ ਨੇ ਇਨਸਾਨੀਅਤ ਦੇ ਨਾਤੇ ਅੱਜ 25 ਪਸ਼ੂਆਂ ਨੂੰ ਬੇਹੋਸ਼ ਕਰਨ ਲਈ ਪੰਜ ਟੀਕੇ ਮੁਹੱਈਆ ਕਰਵਾ ਦਿੱਤੇ ਗਏ ਹਨ|