Punjab
ਅੰਮ੍ਰਿਤਸਰ ‘ਚ ਪੁਲਿਸ ਤੇ ਤਸਕਰਾਂ ਵਿਚਕਾਰ ਹੋਈ ਮੁੱਠਭੇੜ,ਬਰਾਮਦ ਕੀਤੀ ਹੈਰੋਇਨ

3 ਨਵੰਬਰ 2023: ਅੰਮ੍ਰਿਤਸਰ ਦੇ ਖਿਲਚੀਆਂ ਥਾਣਾ ਖੇਤਰ ਵਿੱਚ ਪੁਲਿਸ ਨੇ ਐਨਕਾਊਂਟਰ ਕਰਕੇ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ। ਓਥੇ ਹੀ ਦੱਸਿਆ ਜਾ ਰਿਹਾ ਹੀ ਕਿ ਜ਼ਖਮੀ ਸਮੱਗਲਰਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਖਿਲਚੀਆਂ ਪੁਲੀਸ ਨੇ ਤਸਕਰਾਂ ਦੇ ਕਬਜ਼ੇ ’ਚੋਂ 270 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਸ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਅਤੇ ਐਨਡੀਪੀਐਸ ਐਕਟ ਦਾ ਕੇਸ ਦਰਜ ਕੀਤਾ ਗਿਆ ਹੈ।
ਦੋਵਾਂ ਤਸਕਰਾਂ ਦੀ ਪਛਾਣ ਸੁਖਜਿੰਦਰ ਸਿੰਘ ਅਤੇ ਅਕਾਸ਼ਦੀਪ ਸਿੰਘ ਵਾਸੀ ਮੋਰਿੰਡਾ (ਰੂਪਨਗਰ) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਥਾਣਾ ਖਿਲਚੀਆਂ ‘ਚ ਤਾਇਨਾਤ ਐੱਸ.ਆਈ ਸਤਨਾਮ ਸਿੰਘ ਬੁੱਧਵਾਰ ਰਾਤ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਜਦੋਂ ਉਹ ਚਾਂਦੀ ਫਾਰਮ ਹਾਊਸ ਨੇੜੇ ਪਹੁੰਚੇ ਤਾਂ ਸੜਕ ਕਿਨਾਰੇ ਇੱਕ ਸਵਿਫ਼ਟ ਕਾਰ ਸ਼ੱਕੀ ਹਾਲਤ ਵਿੱਚ ਖੜ੍ਹੀ ਸੀ। ਪੁਲੀਸ ਟੀਮ ਨੂੰ ਦੇਖ ਕੇ ਮੁਲਜ਼ਮਾਂ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਸਰਕਾਰੀ ਕਾਰ ਦੇ ਡਰਾਈਵਰ ਨੇ ਉਕਤ ਕਾਰ ਦੇ ਅੱਗੇ ਆਪਣੀ ਕਾਰ ਖੜ੍ਹੀ ਕੀਤੀ ਤਾਂ ਕਾਰ ‘ਚ ਸਵਾਰ ਨੌਜਵਾਨਾਂ ਨੇ ਪੁਲਿਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ |
ਬਿਆਸ ਥਾਣੇ ਦੇ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਵੀ ਜਵਾਬੀ ਕਾਰਵਾਈ ਕੀਤੀ। ਜਦੋਂ ਅਸੀਂ ਕਾਰ ਦੇ ਨੇੜੇ ਪਹੁੰਚੇ ਤਾਂ ਦੇਖਿਆ ਕਿ ਦੋ ਤਸਕਰ ਜ਼ਖਮੀ ਸਨ। ਜਿਸ ਨੂੰ ਕਾਬੂ ਕਰਕੇ ਉਸ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਕਾਰ ਵਿੱਚੋਂ 270 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।