Punjab
6 ਜੂਨ ਨੂੰ ਟਕਰਾਓ ਟਲਦਾ ਨਜ਼ਰ ਨਹੀਂ ਆ ਰਿਹਾ, ਨਿਹੰਗ ਜਥੇਬੰਦੀਆਂ ਵੀ ਮੈਦਾਨ ‘ਚ; ਸ਼ਹੀਦਾਂ ਦੇ ਪਰਿਵਾਰ ਵੀ ਗੜਗੱਜ ਤੋਂ ਸਨਮਾਨ ਨਹੀਂ ਲੈਣਾ ਚਾਹੁੰਦੇ

ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਮੌਕੇ ਹੋਣ ਵਾਲਾ ਸੰਭਾਵੀ ਟਕਰਾਓ ਟਲਦਾ ਨਜ਼ਰ ਨਹੀਂ ਆ ਰਿਹਾ। ਬੀਤੇ ਦਿਨੀਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ (ਧੁੰਮਾਂ)ਨੇ ਐਲਾਨ ਕੀਤਾ ਸੀ ਕਿ ਛੇ ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖ ਕੌਮ ਦੇ ਨਾਮ ਸੰਦੇਸ਼ ਕੁਲਦੀਪ ਸਿੰਘ ਗੜਗੱਜ ਨੂੰ ਨਹੀਂ ਦੇਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਸੀ ਕਿ ਗੜਗੱਜ ਕੌਮ ਵੱਲੋਂ ਪ੍ਰਵਾਨਿਤ ਜਥੇਦਾਰ ਨਹੀਂ ਹਨ ਇਸ ਲਈ ਉਨ੍ਹਾਂ ਨੂੰ ਕੌਮ ਦੇ ਨਾਮ ਸੰਦੇਸ਼ ਦੇਣ ਦਾ ਕੋਈ ਅਧਿਕਾਰ ਨਹੀਂ ਹੈ।
ਇਸ ਐਲਾਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵਕੇਟ ਹਰਜਿੰਦਰ ਸਿੰਘ ਧਾਮੀ ਉਨ੍ਹਾਂ ਨੂੰ ਮਨਾਉਣ ਲਈ ਗਏ ਸਨ ਪਰ ਉਹ ਆਪਣੇ ਫੈਸਲੇ ‘ਤੇ ਅਡਿੱਗ ਹਨ। ਬੀਤੇ ਦਿਨ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਕੁਲਦੀਪ ਸਿੰਘ ਗੜਗੱਜ ਨੂੰ ਘੱਲੂਘਾਰਾ ਦਿਵਸ ਮੌਕੇ ਕੌਮ ਦੇ ਨਾਮ ਸੰਦੇਸ਼ ਨਹੀਂ ਦੇਣ ਦਿੱਤਾ ਜਾਵੇਗਾ। ਸਾਰੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਉਹ ਸਾਰੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾਂ ਦੇ ਨਾਲ ਹਨ ਤੇ ਕਿਸੇ ਵੀ ਤਰ੍ਹਾਂ ਕੁਲਦੀਪ ਸਿੰਘ ਗੜਗੱਜ ਨੂੰ ਸੰਦੇਸ਼ ਨਹੀਂ ਦੇਣ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸ਼ਹੀਦਾਂ ਦੇ ਪਰਿਵਾਰਾਂ ਨੇ ਵੀ ਕਿਹਾ ਹੈ ਕਿ ਉਹ ਕੁਲਦੀਪ ਸਿੰਘ ਗੜਗੱਜ ਤੋਂ ਸਨਮਾਨ ਨਹੀਂ ਲੈਣਗੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਕੋਈ ਹੋਰ ਜਥੇਦਾਰ ਸਨਮਾਨ ਦੇਵੇ ਤਾਂ ਲੈ ਲਵੇਗਾ। ਸ਼੍ਰੋਮਣੀ ਕਮੇਟੀ ਮਨਜੀਤ ਸਿੰਘ ਨੇ ਕਿਹਾ ਹੈ ਕਿ ਸ਼ਹੀਦਾਂ ਦੇ ਪਰਿਵਾਰ ਵੀ ਕੁਲਦੀਪ ਸਿੰਘ ਗੜਗੱਜ ਨੂੰ ਪ੍ਰਵਾਨ ਨਹੀਂ ਕਰਦੇ।
ਇਸ ਦੇ ਨਾਲ ਹੀ ਸਿਮਰਨਜੀਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਕਿਸੇ ਨੂੰ ਵੀ ਛੇ ਜੂਨ ਵਾਲੇ ਦਿਨ ਮਹੌਲ ਖ਼ਰਾਬ ਨਹੀਂ ਕਰਨ ਦਿੱਤਾ ਜਾਵੇਗਾ। ਹੁਣ ਸਿਮਰਨਜੀਤ ਸਿੰਘ ਮਾਨ ਮਹੌਲ ਖ਼ਰਾਬ ਕਰਨ ਨੂੰ ਕਿਵੇਂ ਰੋਕਣਗੇ। ਮਹੌਲ ਖ਼ਰਾਬ ਕਰਨ ਵਾਲਿਆਂ ਦਾ ਮਿੰਨਤ ਤਰਲਾ ਕਰਨਗੇ ਜਾਂ ਕਿਰਪਾਨਾਂ ਕੱਢ ਕੇ ਮਹੌਲ ਖ਼ਰਾਬ ਕਰਨ ਵਾਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਮਹੌਲ ਖ਼ਰਾਬ ਕਰਨਗੇ। ਜੇਕਰ ਬਾਬਾ ਧੁੰਮਾਂ ਤੇ ਨਿਹੰਗ ਸਿੰਘ ਜਥੇਬੰਦੀਆਂ ਆਪਣੀ ਜ਼ਿੱਦ ‘ਤੇ ਅੜੀਆਂ ਰਹਿੰਦੀਆਂ ਹਨ ਅਤੇ ਕੁਲਦੀਪ ਸਿੰਘ ਗੜਗੱਜ ਸੰਦੇਸ਼ ਦੇਣ ਲਈ ਬਜ਼ਿਦ ਹਨ ਤਾਂ ਮਹੌਲ ਖ਼ਰਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ।
ਇੱਥੇ ਕੌਣ ਗ਼ਲਤ ਹੈ ਤੇ ਕੌਣ ਸਹੀ ਹੈ ਇਹ ਤਾਂ ਸੰਗਤ ਜਾਣਦੀ ਹੈ ਪਰ ਅਸੀਂ ਹਰ ਸਾਲ ਘੱਲੂਘਾਰਾ ਦਿਵਸ ਮੌਕੇ ਇੱਕ ਦੂਜੇ ਦੀਆਂ ਪੱਗਾਂ ਲਾਹ ਕੇ ਜਿੱਥੇ ਦੁਨੀਆਂ ਭਰ ਵਿੱਚ ਸਿੱਖ ਕੌਮ ਨੂੰ ਬਦਨਾਮ ਕਰ ਰਹੇ ਹਾਂ ਉੱਥੇ ਹੀ ਸ਼ਹੀਦਾਂ ਦੀ ਸ਼ਹਾਦਤ ਨੂੰ ਘੱਟੇ ਮਿੱਟੀ ਰੋਲ ਰਹੇ ਹਾਂ। ਇੱਥੇ ਜਾਂ ਤਾਂ ਸੁਖਬੀਰ ਸਿੰਘ ਬਾਦਲ ਆਪਣੀ ਗਲਤੀ ਨੂੰ ਸੁਧਾਰਦਿਆਂ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰੀ ਤੋਂ ਹਟਾ ਕੇ ਸਿੱਖ ਆਗੂਆਂ ਦੀ ਸਲਾਹ ਨਾਲ ਜਥੇਦਾਰ ਨਿਯੁਕਤ ਕਰ ਦੇਣ ਜਾਂ ਵਿਰੋਧ ਕਰਨ ਵਾਲੇ ਘੱਲੂਘਾਰਾ ਦਿਵਸ ਤੱਕ ਚੁੱਪ ਕਰ ਜਾਣ। ਲੇਕਿਨ ਇਹ ਦੋਵੇਂ ਗੱਲਾਂ ਨਾਮੁਮਕਿਨ ਲਗਦੀਆਂ ਹਨ ਤੇ ਸੰਭਾਵੀ ਟਕਰਾਓ ਲੱਗਭਗ ਤੈਅ ਹੀ ਹੈ।