News
ਦਸਵੀ ਬਾਰ੍ਹਵੀਂ ਜਮਾਤ ਦੇ ਨਤੀਜੇ, ਬੱਚੇ ਅੱਗੇ ਕੀ ਕਰਨ ? ਮਾਪੇ ਪ੍ਰੇਸ਼ਾਨ !

ਦਸਵੀਂ ਜਮਾਤ ਅਤੇ ਬਾਰ੍ਹਵੀਂ ਜਮਾਤ ਦੇ ਸਾਰੇ ਬੋਰਡਾਂ ਦੇ ਨਤੀਜੇ ਆ ਗਏ ਹਨ। ਨਤੀਜਿਆਂ ਵਿੱਚ ਚੰਗੇ ਅੰਕ ਲੈ ਕੇ ਪਾਸ ਹੋਣ ‘ਤੇ ਬੱਚਿਆਂ ਦੇ ਮਾਪੇ ਖੁਸ਼ ਹਨ ਪਰ ਨਾਲੋਂ ਨਾਲ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਹਨ ਕਿ ਅੱਗੇ ਬੱਚਿਆਂ ਨੂੰ ਕੀ ਕਰਵਾਇਆ ਜਾਵੇ। ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਬੱਚੇ ਮੈਡੀਕਲ,ਨਾਨ ਮੈਡੀਕਲ, ਆਰਟਸ ਜਾਂ ਕਾਮਰਸ ਸਟਰੀਮ ਵਿੱਚ ਜਾਣ ਜਾਂ ਸਕਿਲ ਲਈ ਕੋਰਸ ਕਰਨ।ਇਸ ਗੱਲ ਦਾ ਫੈਸਲਾ ਲੈਣਾ ਮਾਪਿਆਂ ਅਤੇ ਬੱਚਿਆਂ ਲਈ ਬਹੁਤ ਮੁਸ਼ਕਲ ਨਜ਼ਰ ਆ ਰਿਹਾ ਹੈ। ਇਸੇ ਤਰ੍ਹਾਂ ਹੀ ਬਾਰ੍ਹਵੀਂ ਜਮਾਤ ਪਾਸ ਕਰਨ ਵਾਲੇ ਬੱਚਿਆਂ ਨੂੰ ਅੱਗੇ ਕੋਈ ਡਿਗਰੀ ਕਰਵਾਉਣੀ ਹੈ, ਕੋਈ ਕੋਰਸ ਕਰਵਾਉਣਾ ਹੈ ਜਾਂ ਵਿਦੇਸ਼ ਭੇਜਣਾ ਇਨ੍ਹਾਂ ਅਨਿਸ਼ਿਚਿਤਾਵਾਂ ਵਿੱਚ ਘਿਰੇ ਹੋਏ ਹਨ ਮਾਪੇ। ਅਸਲ ਵਿੱਚ ਇਨ੍ਹਾਂ ਅਨਿਸ਼ਚਿਤਾਵਾਂ ਦੇ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅੱਜ ਕੱਲ੍ਹ ਦੇ ਅਧਿਆਪਕ ਬੱਚੇ ਨੂੰ ਇਸ ਕਾਬਲ ਨਹੀਂ ਬਣਾ ਪਾਉਂਦੇ ਕਿ ਉਹ ਆਪਣੇ ਆਪ ਆਪਣੀ ਲਾਈਨ ਚੁਣ ਸਕੇ। ਅਧਿਆਪਕ ਬੱਚਿਆਂ ਨੂੰ ਕਰੀਅਰ ਕਾਉਂਸਲਿੰਗ ਨਹੀਂ ਦਿੰਦੇ। ਦੂਜਾ ਵੱਡਾ ਕਾਰਨ ਇਹ ਹੁੰਦਾ ਹੈ ਕਿ ਮਾਪੇ ਜਾਂ ਤਾਂ ਬੱਚੇ ਨੂੰ Under Estimate ਕਰਦੇ ਹਨ ਜਾਂ ਫਿਰ Over Estimate. ਬਹੁਤੇ ਮਾਪੇ ਬੱਚੇ ਵੱਲੋਂ ਪ੍ਰਾਪਤ ਕੀਤੇ ਅੰਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ Under Estimate ਜਾਂ Over Estimate ਕਰਦੇ ਹਨ। ਇੱਥੇ ਮੈਂ ਜੋ ਦੇਖਿਆ ਹੈ ਹੁਣ ਬੱਚਿਆਂ ਨੂੰ ਫੇਲ੍ਹ ਬਹੁਤ ਘੱਟ ਕੀਤਾ ਜਾਂਦਾ ਹੈ। ਬਹੁਤ ਸਾਰੇ ਬੱਚੇ ਐਸੇ ਹੁੰਦੇ ਹਨ ਜਿਨ੍ਹਾਂ A B C ਵੀ ਸਹੀ ਢੰਗ ਨਾਲ ਨਹੀਂ ਲਿਖਣੀ ਆਉਂਦੀ ਉਹ 80-80 ਫ਼ੀਸਦੀ ਅੰਕ ਪ੍ਰਾਪਤ ਕਰ ਰਹੇ ਲੇਕਿਨ ਦੂਜੇ ਪਾਸੇ ਕਈ ਬੱਚੇ ਬਹੁਤ ਹੁਸ਼ਿਆਰ ਹੋਣ ਦੇ ਬਾਵਜੂਦ ਇੰਨੇ ਅੰਕ ਹਾਸਲ ਨਹੀਂ ਕਰ ਪਾਉਂਦੇ।
ਇਹ ਕਿੱਥੇ ਗਲਤੀ ਹੋ ਰਹੀ ਹੈ ਪਤਾ ਨਹੀਂ ਪਰ ਅਜਿਹਾ ਹਰ ਸਾਲ ਹੁੰਦਾ ਹੈ। ਹੁਣ ਅੱਜ ਦੇ ਐਜ਼ੂਕੇਸ਼ਨਲ ਸਿਸਟਮ ਦੇ ਚਲਦਿਆਂ ਅਸੀਂ ਅੰਕਾਂ ਦੇ ਹਿਸਾਬ ਨਾਲ ਬੱਚੇ ਦੀ ਕਾਬਲੀਅਤ ਨਹੀਂ ਆਂਕ ਸਕਦੇ। ਫਿਰ ਅਜਿਹੇ ਮਾਮਲੇ ਬਹੁਤ ਜ਼ਿਆਦਾ ਹੁੰਦੇ ਹਨ ਕਿ ਮਾਪਿਆਂ ਵੱਲੋਂ ਬੱਚਿਆਂ ਉੱਪਰ ਉਨ੍ਹਾਂ ਦੀ ਮਰਜ਼ੀ ਦੇ ਖਿਲਾਫ ਜਾ ਥੋਪਿਆ ਜਾਂਦਾ ਹੈ ਕਿ ਤੂੰ ਮੈਡੀਕਲ ਲਾਈਨ ਵਿੱਚ ਜਾਂ ਨਾਨ ਮੈਡੀਕਲ, ਕਾਮਰਸ ਜਾਂ ਆਰਟਸ ਲਾਈਨ ਵਿੱਚ ਦਾਖ਼ਲਾ ਲੈ। ਇੰਝ ਕਰਨਾ ਬਹੁਤ ਹੀ ਨੁਕਸਾਨਦੇਹ ਸਾਬਤ ਹੁੰਦਾ ਹੈ। ਬੱਚੇ ਦੀ ਇੱਛਾ ਦੇ ਖਿਲਾਫ ਜਾ ਕੇ ਕੁੱਝ ਵੀ ਬੱਚੇ ਉੱਪਰ ਥੋਪਣਾ ਨਹੀਂ ਚਾਹੀਦਾ। ਪੰਜਾਬ ਵਿੱਚ ਇੱਕ ਹੋਰ ਗ਼ਲਤ ਰੁਝਾਣ ਚੱਲ ਰਿਹਾ ਹੈ ਕਿ ਬੱਚਾ ਡਾਕਟਰ, ਵਕੀਲ, ਜੱਜ ਇੰਜੀਨੀਅਰ, ਆਈ ਏ ਐੱਸ, ਆਈ ਪੀ ਐਸ ਆਦਿ ਬਣਨਾ ਚਾਹੁੰਦਾ ਹੈ ਜਾਂ ਕੋਈ ਚੰਗਾ ਕੋਰਸ ਕਰਕੇ ਭਾਰਤ ਵਿੱਚ ਰਹਿ ਕੇ ਹੀ ਆਪਣੇ ਸਿਤਾਰੇ ਚਮਕਾਉਣੇ ਚਾਹੁੰਦਾ ਹੈ ਪਰ ਮਾਪੇ ਉਸਨੂੰ ਵਿਦੇਸ਼ ਭੇਜਣ ਲਈ ਏਜੰਟਾਂ ਦੇ ਦਫ਼ਤਰ ਦੇ ਚੱਕਰ ਕਟਵਾਉਣੇ ਸ਼ੁਰੂ ਕਰ ਦਿੰਦੇ ਹਨ ਅਤੇ ਬਹੁਤੀ ਵਾਰ ਲੱਖਾਂ ਰੁਪਏ ਡੋਬ ਬੈਠਦੇ ਹਨ। ਕਈ ਵਾਰੀ ਬੱਚੇ ਨੇ ਬਾਰ੍ਹਵੀਂ ਜਮਾਤ ਵਿੱਚੋਂ ਚੰਗੇ ਅੰਕ ਪ੍ਰਾਪਤ ਕੀਤੇ ਹੁੰਦੇ ਹਨ ਪਰ ਉਹ ਇੰਗਲਿਸ਼ ਵਿੱਚ ਬਹੁਤ ਕਮਜ਼ੋਰ ਹੁੰਦਾ ਹੈ। ਮਾਪੇ ਉਸਨੂੰ ਆਈਲੈਟਸ ਕਰਵਾ ਕੇ ਬਾਹਰ ਭੇਜਣਾ ਚਾਹੁੰਦੇ ਹਨ। ਆਈਲੈਟਸ ਸੈਂਟਰਾਂ ਵਿੱਚ ਪੈਸਾ ਖ਼ਰਾਬ ਕਰਨ ਤੋਂ ਬਾਅਦ ਜਦੋਂ ਅਸਫ਼ਲ ਹੁੰਦੇ ਹਨ ਤਾਂ ਡੰਕੀ ਲਗਾ ਬੱਚੇ ਨੂੰ ਮੌਤ ਦੇ ਮੂੰਹ ਵਿੱਚ ਪਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਸਭ ਤੋਂ ਪਹਿਲਾਂ ਤਾਂ ਅਸੀਂ ਸਕੂਲਾਂ ਦੇ ਅਧਿਆਪਕਾਂ ਨੂੰ ਅਪੀਲ ਕਰਦੇ ਹਾਂ ਕਿ ਬੱਚੇ ਦੀ ਕਾਬਲੀਅਤ ਦੇ ਹਿਸਾਬ ਨਾਲ ਉਨ੍ਹਾਂ ਨੂੰ ਮਾਰਗ ਦਰਸ਼ਨ ਦਿੱਤਾ ਜਾਵੇ ਕਿ ਉਹ ਕਿਸ ਲਾਈਨ ਵਿੱਚ ਜਾਵੇ। ਅੰਕ ਜਿੰਨੇ ਮਰਜ਼ੀ ਆਏ ਹੋਣ ਇੱਕ ਅਧਿਆਪਕ ਹੀ ਹੁੰਦਾ ਹੈ ਜਿਹੜਾ ਬੱਚੇ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ ਕਿੰਨੇ ਕੂ ਪਾਣੀ ਵਿੱਚ ਹੈ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਮਾਮਲੇ ਵਿੱਚ ਬੱਚਿਆਂ ਉੱਪਰ ਕੁੱਝ ਥੋਪਣ ਨਾ ਅਤੇ ਆਪਣੇ ਆਈ ਏ ਐੱਸ ਅਫ਼ਸਰ ਬਣਨ ਦੀ ਕਾਬਲੀਅਤ ਰੱਖਣ ਵਾਲੇ ਬੱਚੇ ਨੂੰ ਵਿਦੇਸ਼ਾਂ ਵਿੱਚ ਰੁਲਣ ਲਈ ਨਾ ਭੇਜਣ।ਬੱਚਿਆਂ ਲਈ ਵੀ ਸਾਡੇ ਵੱਲੋਂ ਸਲਾਹ ਹੈ ਕਿ ਇੱਕ ਨਿਸ਼ਾਨਾ ਤੈਅ ਕਰੋ ਅਤੇ ਚੰਗੇ ਵਿਦਵਾਨ ਅਧਿਆਪਕਾਂ ਦੇ ਮਾਰਗ ਦਰਸ਼ਨ ਨਾਲ ਉਹ ਲਾਈਨ ਚੁਣੋ ਜਿਸ ਵਿੱਚ ਜਨੂੰਨ ਨਾਲ ਅੱਗੇ ਵਧ ਸਕਦੇ ਹੋਣ। ਜੇਕਰ ਤੁਸੀਂ ਆਈਲੈਟਸ ਵਿੱਚ ਚੰਗੇ ਬੈਂਡ ਹਾਸਲ ਕਰਨ ਦੀ ਸਮਰੱਥਾ ਰੱਖਦੇ ਹੋ ਤਾਂ ਇਹ ਵੀ ਹੋ ਸਕਦਾ ਹੈ ਕਿ ਤੁਸੀਂ UPSC,PCS ਆਦਿ ਵਰਗੇ ਇਮਤਿਹਾਨ ਵੀ ਪਾਸ ਕਰ ਲਵੋ। ਵਿਦੇਸ਼ਾਂ ਵਿੱਚ ਵੀ ਅਗਰ ਜਾਣਾ ਹੈ ਤਾਂ ਚੰਗੇ ਇੰਮੀਗ੍ਰੇਸ਼ਨ ਏਜੰਟ ਤੋਂ ਫਾਈਲ ਲਗਵਾਓ ਅਤੇ ਚੰਗੇ ਦੇਸ਼ ਜਾ ਕੇ ਆਪਣੀ ਡਿਗਰੀ ਜਾਂ ਡਿਪਲੋਮਾ ਕਰਨ ਤੋਂ ਬਾਅਦ ਉੱਥੇ ਪੀ. ਆਰ. ਲੈ ਕੇ ਕਨੂੰਨੀ ਤੌਰ ‘ਤੇ ਸੈਟਲ ਹੋਵੋ ਧੱਕੇ ਖਾਣ ਲਈ ਬਾਹਰ ਨਾ ਜਾਓ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਚੰਗਾ ਏਜੰਟ ਕਿਹੜਾ ਹੈ? ਚੰਗੇ ਏਜੰਟ ਦਾ ਮਤਲਬ ਇਹ ਨਹੀਂ ਕਿ ਉਹਦੇ ਕੋਲ ਸਰਕਾਰ ਵੱਲੋਂ ਦਿੱਤਾ ਲਾਇਸੈਂਸ ਹੈ ਜਾਂ ਨਹੀਂ? ਲਾਇਸੈਂਸ ਅੱਜ ਦੇ ਸਮੇਂ ਸਭ ਕੋਲ ਨੇ 25000 ਰੁਪਏ ਖਰਚ ਕੇ ਕੋਈ ਵੀ ਲਾਇਸੈਂਸ ਲੈ ਲੈਂਦਾ। ਦੂਜਾ ਇਹ ਕਿਹਾ ਜਾਂਦਾ ਹੈ ਕਿ ਏਜੰਟ ਦਾ ਬਾਹਰ ਦੇ ਕਿਹੜੇ ਕਾਲਜਾਂ ਜਾਂ ਯੂਨੀਵਰਸਿਟੀਆਂ ਨਾਲ ਟਾਇਅਪ ਹੈ। ਇਹ ਸਾਰੇ ਏਜੰਟ ਕਰੀ ਫਿਰਦੇ ਨੇ। ਚੰਗੇ ਏਜੰਟ ਤੋਂ ਭਾਵ ਹੈ ਜਿਹੜੇ ਕੋਰਸ ਵਿੱਚ ਤੁਸੀਂ ਜਾਣਾ ਉਸ ਤਰ੍ਹਾਂ ਦੇ ਕਿੰਨੇ ਵਿਦਿਆਰਥੀ ਉਸਨੇ ਬਾਹਰ ਭੇਜੇ ਹਨ ਅਤੇ ਕਿੰਨੇ ਕਾਮਯਾਬ ਹੋਏ ਹਨ। ਸੋਚ ਸਮਝ ਕੇ ਏਜੰਟ ਚੁਣੋ ਅਤੇ ਸਕਿੱਲਡ ਕੋਰਸ ਲੈ ਕੇ ਵਿਦੇਸ਼ ਜਾਣ ਨੂੰ ਤਰਜੀਹ ਦਿਓ।ਅਖੀਰ ਵਿੱਚ ਦਸਵੀਂ ਤੇ ਬਾਰ੍ਹਵੀਂ ਜਮਾਤ ਪਾਸ ਕਰਨ ਵਾਲੇ ਪੂਰੇ ਪੰਜਾਬ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਾਂ ਦੇ ਨਾਲ ਨਾਲ ਸ਼ੁੱਭ ਕਾਮਨਾਵਾਂ।
ਕੁਲਵੰਤ ਸਿੰਘ ਗੱਗੜਪੁਰੀ