Connect with us

Punjab

ਮੁੱਖ ਮੰਤਰੀ ਵੱਲੋਂ ਟਰੌਮਾ ਸੈਂਟਰ ਖੰਨਾ ਦਾ ਨਾਂ ਭਗਤ ਪੂਰਨ ਸਿੰਘ ਜੀ ਦੇ ਨਾਂ ‘ਤੇ ਰੱਖਣ ਦੀ ਮਨਜ਼ੂਰੀ

Published

on

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿਵਲ ਹਸਪਤਾਲ ਖੰਨਾ ਦੇ ਟਰੌਮਾ ਸੈਂਟਰ ਦਾ ਨਾਂ ਉੱਘੇ ਸਮਾਜ ਸੇਵੀ ਪਦਮ ਸ੍ਰੀ ਭਗਤ ਪੂਰਨ ਸਿੰਘ ਜੀ ਦੇ ਨਾਂ ‘ਤੇ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਉੱਘੇ ਸਮਾਜ ਸੇਵੀ ਭਗਤ ਪੂਰਨ ਸਿੰਘ ਜੀ ਨੂੰ ਨਿਮਰ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਬੇਸਹਾਰਾ ਅਤੇ ਲੋੜਵੰਦ ਲੋਕਾਂ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਭਗਤ ਜੀ ਨੇ ਆਪਣੇ ਜੀਵਨ ਦੌਰਾਨ ਪਛੜੇ ਵਰਗਾਂ ਦੀ ਨਿਸਵਾਰਥ ਸੇਵਾ ਕੀਤੀ ਅਤੇ ਉਨ੍ਹਾਂ ਦੀ ਮਾਨਵਤਾ ਪ੍ਰਤੀ ਸੇਵਾ ਭਾਵਨਾ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ।

ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉਹਨਾਂ ਦੀ ਬੇਮਿਸਾਲ ਸੇਵਾ ਨੂੰ ਮਾਨਤਾ ਦਿੰਦਿਆਂ ਸਿਵਲ ਹਸਪਤਾਲ ਖੰਨਾ ਦੇ ਟਰੌਮਾ ਸੈਂਟਰ ਦਾ ਨਾਂ ਪਦਮ ਸ੍ਰੀ ਭਗਤ ਪੂਰਨ ਸਿੰਘ ਜੀ ਦੇ ਨਾਂ ‘ਤੇ ਰੱਖਣ ਦਾ ਫੈਸਲਾ ਕੀਤਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਨੇਕ ਰੂਹ ਵੱਲੋਂ ਦਰਸਾਏ ਰਾਹ ‘ਤੇ ਚੱਲ ਕੇ ਮਨੁੱਖਤਾ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦੇ ਹਿੱਸੇ ਵਜੋਂ ਹੀ ਸੂਬਾ ਸਰਕਾਰ 15 ਅਗਸਤ ਨੂੰ 75 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰੇਗੀ ਤਾਂ ਜੋ ਲੋਕਾਂ ਨੂੰ ਮੁਫ਼ਤ ਮਿਆਰੀ ਇਲਾਜ ਮੁਹੱਈਆ ਕਰਵਾਇਆ ਜਾ ਸਕੇ।

ਭਗਵੰਤ ਮਾਨ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਲੋਕਾਂ ਨੂੰ 100 ਦੇ ਕਰੀਬ ਕਲੀਨਿਕਲ ਟੈਸਟਾਂ ਦੇ ਨਾਲ 41 ਸਿਹਤ ਪੈਕੇਜ ਮੁਫ਼ਤ ਮੁਹੱਈਆ ਕਰਵਾਏ ਜਾਣਗੇ।ਮੁੱਖ ਮੰਤਰੀ ਨੇ ਦੁਹਰਾਇਆ ਕਿ ਇਹ ਕਲੀਨਿਕ ਪੰਜਾਬ ਵਿੱਚ ਸਿਹਤ ਸੰਭਾਲ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਲਈ ਇੱਕ ਮੀਲ ਪੱਥਰ ਸਾਬਤ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਗਰੀਬਾਂ ਅਤੇ ਲੋੜਵੰਦਾਂ ਨੂੰ ਲਾਭ ਪਹੁੰਚਾਉਣ ਲਈ ਸਮੁੱਚੀ ਸਿਹਤ ਸੰਭਾਲ ਪ੍ਰਣਾਲੀ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਭਗਤ ਪੂਰਨ ਸਿੰਘ ਜੀ ਦੀ ਨਿਸਵਾਰਥ ਅਤੇ ਨਿਮਰਤਾ ਨਾਲ ਲੋਕਾਂ ਦੀ ਸੇਵਾ ਕਰਨ ਦੀ ਸ਼ਾਨਦਾਰ ਵਿਰਾਸਤ ਨੂੰ ਹਮੇਸ਼ਾ ਬਰਕਰਾਰ ਰੱਖਣ ਵਾਸਤੇ ਪੂਰੀ ਤਰ੍ਹਾਂ ਵਚਨਬੱਧ ਹੈ