Punjab
CM ਮਾਨ ਨੇ ਪ੍ਰਤਾਪ ਬਾਜਵਾ ਨੂੰ ਵਿਧਾਨ ਸਭਾ ‘ਚ ਸੁਣਾਈਆਂ ਖਰੀਆਂ ਖਰੀਆਂ, ਹੋਈ ਤਿੱਖੀ ਬਹਿਸ

ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਕਾਫੀ ਹੰਗਾਮਾ ਭਰਪੂਰ ਰਹੀ। ਇਸ ਦੌਰਾਨ ਸਦਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਕਾਫੀ ਗਰਮਾ-ਗਰਮੀ ਹੋ ਗਈ। ਦਰਅਸਲ ਪ੍ਰਤਾਪ ਬਾਜਵਾ ਨੇ ਵਿਜੀਲੈਂਸ ਦੀ ਕਾਰਵਾਈ ’ਤੇ ਸਵਾਲ ਚੁੱਕੇ ਜਿਸ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੋਨੀਆ ਗਾਂਧੀ ਕੋਲ ਕਾਂਗਰਸ ਦੇ 40 ਭ੍ਰਿਸ਼ਟ ਆਗੂਆਂ ਦੀ ਸੂਚੀ ਪਹੁੰਚੀ ਸੀ ਪਰ ਕਾਂਗਰਸ ਹਾਈਕਮਾਨ ਨੇ ਇਹ ਕਹਿੰਦਿਆਂ ਇਹ ਸੂਚੀ ਦੱਬ ਲਈ ਕਿ ਇਸ ਨਾਲ ਪਾਰਟੀ ਦੀ ਬਦਨਾਮੀ ਹੋਵੇਗੀ, ਕਾਂਗਰਸ ਪੰਜਾਬ ਦੀ ਬਦਨਾਮੀ ਤਾਂ ਝੱਲ ਸਕਦੀ ਹੈ ਪਰ ਪਾਰਟੀ ਦੀ ਨਹੀਂ ਝੱਲ ਸਕਦੀ। ਉਥੇ ਹੀ ਇਸ ਮੌਕੇ ਮੁਖ ਮੰਤਰੀ ਮਾਨ ਨੇ ਕਿਹਾ ਜੇਕਰ ਕੋਈ ਆਮ ਆਦਮੀ ਪਾਰਟੀ ਦਾ ਆਗੂ ਗਲਤ ਕੰਮ ਕਰਦਾ ਹੈ ਤਾਂ ਉਸ ’ਤੇ ਵੀ ਕਾਰਵਾਈ ਹੋਵੇਗੀ। ਇਸ ਦਾ ਜਵਾਬ ਦਿੰਦਿਆਂ ਬਾਜਵਾ ਨੇ ਕਿਹਾ ਕਿ ਸਰਕਾਰ ਨੇ ਸਾਬਕਾ ਮੰਤਰੀ ਫੌਜਾ ਸਿੰਘ ਸ਼ਰਾਰੀ ’ਤੇ ਕਾਰਵਾਈ ਕਿਉਂ ਨਹੀਂ ਕੀਤੀ ‘ਤੇ ਬਠਿੰਡਾ ਵਾਲਾ ਕਿਉਂ ਨਹੀਂ ਫੜਿਆ ਗਿਆ। ਇਸ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਘਟਨਾ ਦੀ ਜਾਂਚ ਕਰਨ ਵਿਚ ਸਮਾਂ ਲੱਗਦਾ ਹੈ ਅਤੇ ਜਾਂਚ ਪ੍ਰਕਿਰਿਆ ਤੋਂ ਬਾਅਦ ਹੀ ਕਾਰਵਾਈ ਹੁੰਦੀ ਹੈ ਜਦਕਿ ਬਠਿੰਡੇ ਵਾਲੇ ਮਾਮਲੇ ’ਚ ਗ੍ਰਿਫ਼ਤਾਰੀ ਹੋ ਚੁੱਕੀ ਹੈ।
ਮਾਨ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ ਵਾਰੀ ਸਭ ਦੀ ਆਵੇਗੀ। ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਵੀ ਪੰਜਾਬ ਦਾ ਇਕ ਪੈਸਾ ਵੀ ਖਾਧਾ ਹੈ, ਉਸ ਤੋਂ ਹਿਸਾਬ ਲਿਆ ਜਾਵੇਗਾ। ਸਰਾਰੀ ’ਤੇ ਕਾਰਵਾਈ ਦੇ ਸਵਾਲ ’ਤੇ ਤੰਜ ਕੱਸਦਿਆਂ ਕਿਹਾ ਮਾਨ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਆਗੂ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਗੁਰਪ੍ਰੀਤ ਕਾਂਗੜ, ਬਲਬੀਰ ਸਿੰਘ ਸਿੱਧੂ, ਮਨਪ੍ਰੀਤ ਬਾਦਲ ਅਤੇ ਫਤਿਹਜੰਗ ਬਾਜਵਾ ਕਿੱਥੇ ਗਏ । ਉਨ੍ਹਾਂ ਕਿਹਾ ਕਿ ਜੇ ਪਾਰਟੀ ਬਦਲ ਦਿੱਤੀ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਬਚ ਜਾਓਗੇ, ਜੇ ਪੰਜਾਬ ਦਾ ਪੈਸਾ ਖਾਧਾ ਹੈ ਤਾਂ ਅੰਦਰ ਜ਼ਰੂਰ ਜਾਓਗੇ।
ਉਥੇ ਹੀ ਕਾਂਗਰਸ ਨੂੰ ਘੇਰਦਿਆਂ ਉਨਾਂ ਕਿਹਾ ਰਾਹੁਲ ਗਾਂਧੀ ਨੇ ਸੰਸਦ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਅਡਾਨੀ ਦੇ ਰਸ਼ਿਤਆਂ ’ਤੇ ਸਵਾਲ ਚੁੱਕੇ ਸਨ ਪਰ ਛੱਤੀਸਗੜ੍ਹ ਅਤੇ ਰਾਜਸਥਾਨ ਵਿਚ ਕਾਂਗਰਸ ਨੇ ਹੀ ਅਡਾਨੀ ਨੂੰ ਖੱਡਾਂ ਦਿੱਤੀਆਂ ਹੋਈਆਂ ਹਨ। ਮਾਨ ਨੇ ਬਾਜਵਾ ਨੂੰ ਕਿਹਾ ਕਿ ਢੱਕੇ ਰਹੋ, ਕਾਫੀ ਕੁਝ ਨਿਕਲੇਗਾ। ਮਾਨ ਨੇ ਸ਼ੇਅਰ ਸੁਣਾਉਂਦਿਆਂ ਕਿਹਾ ਕਿ ‘ਮੇਰੀ ਕਮੀਜ਼ ’ਤੇ ਲੱਖਾਂ ਦਾਗ ਹਨ ਪਰ ਖ਼ੁਦਾ ਦਾ ਸ਼ੁਕਰ ਹੈ ਕੋਈ ਧੱਬਾ ਨਹੀਂ ਹੈ।