National
CM ਨਾਇਬ ਸੈਣੀ ਨੇ ਵਿਧਾਇਕ ਵਜੋਂ ਚੁੱਕੀ ਸਹੁੰ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਵਿਧਾਇਕ ਵਜੋਂ ਸਹੁੰ ਚੁੱਕ ਲਈ ਹੈ। ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਵੱਲੋਂ ਭਾਜਪਾ ਆਗੂ ਨੂੰ ਉਨ੍ਹਾਂ ਦੇ ਚੈਂਬਰ ਵਿੱਚ ਸਹੁੰ ਚੁਕਾਈ।
ਦੱਸ ਦੇਈਏ ਕਿ ਨਾਇਬ ਸੈਣੀ ਨੇ ਹਾਲ ਹੀ ਵਿਚ ਕਰਨਾਲ ਵਿਧਾਨ ਸਭਾ ਜ਼ਿਮਨੀ ਚੋਣ ਵਿਚ ਕਾਂਗਰਸ ਦੇ ਤਰਲੋਚਨ ਸਿੰਘ ਨੂੰ ਹਰਾਇਆ ਸੀ। ਇਸ ਤੋਂ ਪਹਿਲਾਂ ਇਸ ਸੀਟ ਦੀ ਨੁਮਾਇੰਦਗੀ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਰਦੇ ਸਨ। ਖੱਟਰ ਨੇ 2019 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਇਥੋਂ ਤਰਲੋਚਨ ਸਿੰਘ ਨੂੰ ਹਰਾਇਆ ਸੀ।
ਕੁਰੂਕਸ਼ੇਤਰ ਦੇ ਸਾਬਕਾ ਸੰਸਦ ਮੈਂਬਰ ਨਾਇਬ ਸੈਣੀ ਨੇ ਖੱਟਰ ਦੀ ਥਾਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਕਰਨਾਲ ਵਿਧਾਨ ਸਭਾ ਸੀਟ ਤੋਂ ਜ਼ਿਮਨੀ ਚੋਣ ਲੜੀ ਸੀ। ਮਨੋਹਰ ਖੱਟਰ ਵਲੋਂ ਕਰਨਾਲ ਦੇ ਵਿਧਾਇਕ ਵਜੋਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਜ਼ਿਮਨੀ ਚੋਣ ਜ਼ਰੂਰੀ ਹੋ ਗਈ ਸੀ। ਸੈਣੀ ਨੇ 12 ਮਾਰਚ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਖੱਟਰ ਕਰਨਾਲ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਵਜੋਂ ਜਿੱਤੇ ਹਨ।
(ਸਟੋਰੀ- ਇਕਬਾਲ ਕੌਰ, ਵਰਲਡ ਪੰਜਾਬੀ)