Connect with us

Corona Virus

ਸੂਬਿਆਂ ਨੂੰ ਕੋਵਿਡ19 ਦੇ ਸੰਕਟ ‘ਚੋਂ ਕੱਢਣ ਲਈ CM ਵੱਲੋਂ PM ਨੂੰ ਤਿੰਨ ਨੁਕਾਤੀ ਰਣਨੀਤੀ ਦਾ ਸੁਝਾਅ

Published

on


ਚੰਡੀਗੜ, 21 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਕੋਵਿਡ-19 ਦੇ ਸੰਕਟ ‘ਚੋਂ ਸੂਬਿਆਂ ਨੂੰ ਕੱਢਣ ਲਈ ਤਿੰਨ ਨੁਕਾਤੀ ਰਣਨੀਤੀ ਦਾ ਸੁਝਾਅ ਦਿੱਤਾ ਜਿਸ ਵਿੱਚ ਤਿੰਨ ਮਹੀਨਿਆਂ ਦਾ ਵਿਸ਼ੇਸ਼ ਵਿੱਤੀ ਪੈਕੇਜ ਅਤੇ ਵਿੱਤ ਕਮਿਸ਼ਨ ਦੀ ਰਿਪੋਰਟ ਸੌਂਪਣ ਦੇ ਸਮੇਂ ਵਿੱਚ ਅਕਤੂਬਰ 2021 ਤੱਕ ਵਾਧਾ ਕਰਨਾ ਸ਼ਾਮਲ ਹੈ।
ਲੌਕਡਾਊਨ ਦੇ ਨਤੀਜੇ ਵਜੋਂ ਕਾਰੋਬਾਰ ਅਤੇ ਉਦਯੋਗਿਕ ਗਤੀਵਿਧੀਆਂ ਠੱਪ ਕਰਕੇ ਮਾਲੀਆ ਮੂਧੇ-ਮੂੰਹ ਡਿੱਗਣ ਅਤੇ ਸਿਹਤ ਤੇ ਰਾਹਤ ਕਾਰਜਾਂ ਦੇ ਖਰਚੇ ਵਧਣ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ 15ਵੇਂ ਵਿੱਤ ਕਮਿਸ਼ਨ ਨੂੰ ਪਿਛਲੇ ਸਾਲ ਦੇ ਅਨੁਮਾਨਾਂ ਦੀ ਕੀਤੀ ਉਮੀਦ ਜਿਸ ਵਿੱਚ ਘਰੇਲੂ ਵਿਕਾਸ ਦਰ ਦਾ 7 ਫੀਸਦੀ ਵਾਧਾ ਮੰਨਿਆ ਗਿਆ ਸੀ, ਦੇ ਮੁਕਾਬਲੇ ਰਾਜਾਂ ਲਈ ਬਹੁਤ ਘੱਟ ਮਾਲੀਏ ਦੇ ਹਿੱਸੇ ਦੇ ਪ੍ਰਸੰਗ ਵਿੱਚ 2020-21 ਲਈ ਇਸ ਦੀ ਅੰਤਰਿਮ ਰਿਪੋਰਟ ‘ਤੇ ਮੁੜ ਗੌਰ ਕਰਨ ਦੀ ਅਪੀਲ ਕੀਤੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ 15ਵੇਂ ਵਿੱਤ ਕਮਿਸ਼ਨ ਨੂੰ ਆਪਣੀ ਅੰਤਿਮ ਰਿਪੋਰਟ ਸੌਂਪਣ ਦੇ ਸਮੇਂ ਨੂੰ ਅਕਤੂਬਰ 2021 ਤੱਕ ਮੁਲਤਵੀ ਕਰਨ ਦੀ ਹਦਾਇਤ ਕਰਨ ਜਿਸ ਨਾਲ ਸੂਬੇ ਅਗਲੇ ਪੰਜ ਸਾਲਾਂ ਵਿੱਤ ਅਰਥਚਾਰੇ ਦੇ ਸੰਭਾਵੀ ਵਿਕਾਸ ਦਾ ਸਹੀ ਮੁਲਾਂਕਣ ਲਾਉਣ ਦੇ ਯੋਗ ਹੋ ਜਾਣਗੇ।
ਉਨ੍ਹਾਂ ਕਿਹਾ, ”ਗੈਰਹਕੀਕੀ ਅਸਲ ਵਾਧੇ ਦੇ ਅਨੁਮਾਨਾਂ ‘ਤੇ ਆਧਾਰਿਤ ਪੰਜ ਸਾਲਾ ਮਾਲੀਆ ਸਾਂਝੇ ਕੀਤੇ ਜਾਣ ਦੇ ਵਾਅਦੇ ਲਈ ਵਚਨਬੱਧ ਹੋਣਾ ਸੂਬਿਆਂ ਲਈ ਇਸ ਤੋਂ ਮਾੜਾ ਹੋਰ ਨਹੀਂ ਹੋਵੇਗਾ।” ਉਨ੍ਹਾਂ ਸੁਝਾਅ ਦਿੱਤਾ ਕਿ ਵਿੱਤ ਕਮਿਸ਼ਨ 2020-21 ਲਈ ਇਕ ਹੋਰ ਅੰਤਰਿਮ ਰਿਪੋਰਟ ਬਣਾ ਸਕਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲਾਂਕਿ 3 ਮਈ 2020 ਤੱਕ 40 ਦਿਨਾਂ ਦਾ ਲੌਕਡਾਊਨ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਜ਼ਰੂਰੀ ਸੀ ਪਰ ਇਸ ਦੇ ਨਤੀਜੇ ਵਜੋਂ ਵੱਡਾ ਆਰਥਿਕ ਸੰਕਟ ਖੜਾ ਹੋ ਗਿਆ ਹੈ ਅਤੇ ਸਾਰੇ ਸੂਬੇ ਬਹੁਤ ਗੰਭੀਰ ਵਿੱਤੀ ਮੁਸ਼ਕਲਾਂ ਵਿੱਚੋਂ ਗੁਜ਼ਰ ਰਹੇ ਹਨ। ਪੰਜਾਬ ਦੇ ਖਜ਼ਾਨੇ ਨੂੰ ਵੱਡਾ ਭਾਰ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵਪਾਰ, ਕਾਰੋਬਾਰ ਤੇ ਉਦਯੋਗਾਂ ਦੇ ਕਰੀਬ-ਕਰੀਬ ਬੰਦ ਹੋਣ ਦੇ ਸਿੱਟੇ ਵਜੋਂ ਮਾਲੀਆ ਘਟ ਗਿਆ ਹੈ ਅਤੇ ਇਸ ਸਮੇਂ ਅਤਿ ਲੋੜੀਂਦੇ ਜ਼ਰੂਰੀ ਸਿਹਤ ਤੇ ਰਾਹਤ ਖਰਚਿਆਂ ਦੀ ਵੱਡੇ ਪੱਧਰ ‘ਤੇ ਲੋੜ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ, ”ਸੂਬਿਆਂ ਨੂੰ ਆਪਣੇ ਜ਼ਰੂਰੀ ਖਰਚਿਆਂ ਨੂੰ ਕਾਇਮ ਰੱਖਣ ਅਤੇ ਰਾਹਤ, ਸਿਹਤ ਢਾਂਚੇ ਆਦਿ ਦੇ ਖਰਚਿਆਂ ਦੀਆਂ ਨਵੀਆਂ ਮੰਗਾਂ ਦਾ ਸਾਹਮਣਾ ਕਰਨ ਲਈ ਇਹੋ ਸਿਰਫ ਜ਼ਰੂਰੀ ਅਤੇ ਸਹੀ ਹੈ ਕਿ 15ਵੇਂ ਵਿੱਤ ਕਮਿਸ਼ਨ ਨੂੰ ਸਾਲ 2020-21 ਲਈ ਵਿਸ਼ੇਸ਼ ਕੋਵਿਡ-19 ਮਾਲ ਗਰਾਂਟ ਦੀ ਸਿਫਾਰਸ਼ ਕਰਨ ਦੀ ਬੇਨਤੀ ਕੀਤੀ ਜਾਵੇ।”
ਮੁੱਖ ਮੰਤਰੀ ਨੇ ਆਪਣੇ ਪੱਤਰ ਵਿੱਚ ਸੂਬਿਆਂ ਨੂੰ ਸਿਹਤ ਨਾਲ ਜੁੜੇ ਵਾਧੂ ਖਰਚਿਆਂ ਅਤੇ ਮੁੱਢਲੇ ਰਾਹਤ ਖਰਚਿਆਂ ਨਾਲ ਨਜਿੱਠਣ ਲਈ ਸਹਾਇਤਾ ਪ੍ਰਦਾਨ ਕਰਨ ਵਾਸਤੇ ਤੁਰੰਤ 3 ਮਹੀਨੇ ਦਾ ਵਿਸ਼ੇਸ਼ ਵਿੱਤੀ ਸਹਾਇਤਾ ਪੈਕੇਜ ਦੇਣ ਦੀ ਮੰਗ ਕੀਤੀ ਅਤੇ ਸੁਝਾਅ ਦਿੱਤਾ ਕਿ ਸੂਬਿਆਂ ਨੂੰ ਲੋੜ ਅਨੁਸਾਰ ਸਥਾਨਕ ਸਮੱਸਿਆਵਾਂ ਅਤੇ ਜ਼ਰੂਰਤਾਂ ਲਈ ਇਸ ਦੀ ਵਰਤੋਂ ਦੀ ਖੁੱਲ੍ਹ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਅਨੁਸਾਰ 3 ਮਹੀਨੇ ਦੇ ਪੈਕੇਜ ਨੂੰ ਵਿਸ਼ੇਸ਼ ਕੋਵਿਡ-19 ਮਾਲੀਆ ਗ੍ਰਾਂਟ ਦੇ ਵਿਰੁੱਧ ਐਡਜਸਟ ਕੀਤਾ ਜਾ ਸਕਦਾ ਹੈ।
ਉਨ੍ਹਾਂ ਪ੍ਰਸਤਾਵ ਕੀਤਾ ਕਿ ਮੌਜੂਦਾ ਵਰ੍ਹੇ ਦੇ ਅੰਤ ਵਿੱਚ ਹਾਲਾਤਾਂ ਦੇ ਅਨੁਸਾਰ ਵਿੱਤ ਕਮਿਸ਼ਨ ਅਗਲੇ ਸਾਲ ਲਈ ਕੋਵਿਡ ਗ੍ਰਾਂਟ ਨੂੰ ਕੁਝ ਸੋਧਾਂ ਨਾਲ ਜਾਰੀ ਰੱਖ ਸਕਦਾ ਹੈ ਅਤੇ ਫਿਰ ਆਪਣੀ ਪੰਜ ਸਾਲਾ ਯੋਜਨਾ ਅਕਤੂਬਰ 2022 ਤੱਕ ਜਮ੍ਹਾ ਕਰਵਾ ਸਕਦਾ ਹੈ।
ਇਹ ਕਹਿੰਦਿਆਂ ਕਿ ਇਹ ਗ੍ਰਾਂਟ ਕੇਂਦਰ ਸਰਕਾਰ ਦੇ ਵਿੱਤੀ ਘਾਟੇ ਨੂੰ ਵਧਾਏਗੀ ਜਿਸ ਲਈ ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਇਸ ਦਾ ਵਿੱਤੀ ਪ੍ਰਬੰਧ ਐਫ.ਆਰ.ਬੀ.ਐਮ. ਦੇ ਸ਼ਰਤ ਵਿਧਾਨ ਦੇ ਦਾਇਰੇ ਤੋਂ ਬਾਹਰ ਇਕ ਵਿਸ਼ੇਸ਼ ਉਧਾਰ ਪ੍ਰੋਗਰਾਮ ਜ਼ਰੀਏ ਕੀਤਾ ਜਾਣਾ ਚਾਹੀਦਾ ਹੈ। ਤਿੰਨ ਨੁਕਾਤੀ ਰਣਨੀਤੀ ਦੇ ਦੂਜੇ ਥੰਮ ਦੇ ਤੀਜੇ ਥੰਮ ਵਜੋਂ, ਉਨ੍ਹਾਂ ਦੀ ਕਮੀ ਨੂੰ ਪੂਰਾ ਕਰਨ ਲਈ ਘਾਟੇ ਨੂੰ ਵਧਾਉਣ ਦਾ ਪ੍ਰਸਤਾਵ ਵੀ ਕੀਤਾ ਜਿਵੇਂ ਕਿ ਹੋਰ ਦੇਸ਼ਾਂ ਦੁਆਰਾ ਕੀਤਾ ਜਾ ਰਿਹਾ ਸੀ।
ਕੋਵਿਡ-19 ਤੋਂ ਪੈਦਾ ਹੋਈ ਸਥਿਤੀ ਦੇ ਟਾਕਰੇ ਲਈ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਸੂਬੇ ਦੇ ਪੂਰਨ ਸਮਰਥਨ ਦਾ ਭਰੋਸਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਪ੍ਰਸਤਾਵਿਤ ਕੀਤੇ ਅਨੁਸਾਰ ਜਲਦ ਤੋਂ ਜਲਦ ਫੈਸਲਾ ਲਿਆ ਜਾਵੇ।

Continue Reading
Click to comment

Leave a Reply

Your email address will not be published. Required fields are marked *