Corona Virus
ਸਕੂਲਾਂ ਦੇ ਵਿਦਿਆਰਥੀਆਂ ਨੂੰ ਪੌਸ਼ਟਿਕ ਮਿਡ-ਡੇਅ ਮੀਲ ਮੁਹੱਈਆ ਕਰਵਾਉਣ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ
ਚੰਡੀਗੜ੍ਹ, 16 ਜੁਲਾਈ : ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਵੀਰਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਮਿਡ-ਡੇਅ ਮੀਲ ਦਾ ਖਾਣਾ ਲਗਾਤਾਰ ਸਕੂਲਾਂ ਦੇ 15.79 ਲੱਖ ਵਿਦਿਆਰਥੀਆਂ ਨੂੰ ਮੁਹੱਈਆ ਕਰਵਾ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਕੋਵਿਡ-19 ਕਾਰਨ ਭਾਵੇਂ ਇਹ ਯਤਨ ਪ੍ਰਭਾਵਿਤ ਹੋਏ ਪਰ ਅਧਿਆਪਕਾਂ ਦੀ ਸਮਰਪਣ ਭਾਵਨਾ ਤੇ ਸਿਰੜ ਸਦਕਾ ਅਜਿਹੀ ਸੰਕਟਕਾਲੀ ਘੜੀ ਵਿੱਚ ਵੀ ਇਹ ਸਭ ਸੰਭਵ ਹੋ ਸਕਿਆ। ਸਿੰਗਲਾ ਨੇ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਹਾਂਮਾਰੀ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ, ਅਧਿਆਪਕ ਆਨਲਾਈਨ ਕਲਾਸਾਂ ਲੈਣ, ਅਨਾਜਾਂ ਤੋਂ ਇਲਾਵਾ ਕਿਤਾਬਾਂ ਵੰਡਣ ਵਿੱਚ ਸੱਚਮੁੱਚ ਸ਼ਲਾਘਾਯੋਗ ਕੰਮ ਕਰ ਰਹੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਅਕਾਦਮਿਕ ਸ਼ੈਸਨ 2020-21 ਦੀ ਪਹਿਲੇ ਵਿੱਤੀ ਤਿਮਾਹੀ ਲਈ ਵਿਦਿਆਰਥੀਆਂ ਨੂੰ ਸੀਲਬੰਦ ਪੈਕਟਾਂ ਵਿਚ ਚਾਵਲ ਅਤੇ ਕਣਕ ਪਹੁੰਚਾਉਣ ਲਈ ਸਕੂਲਾਂ ਨੂੰ 8262.23 ਮੀਟਿ੍ਰਕ ਟਨ ਖਾਣਾ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੂਜੀ ਤਿਮਾਹੀ ( 20 ਜੁਲਾਈ ਤੋਂ 20 ਸਤੰਬਰ ) ਲਈ, 11,974 ਮੀਟਿ੍ਰਕ ਟਨ ਦੀ ਵੰਡ ਨੂੰ ਮਨਜੂਰੀ ਦਿੱਤੀ ਗਈ ਹੈ। ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਪਹਿਲਾਂ ਹੀ 37.26 ਕਰੋੜ ਰੁਪਏ ਦੀ ਖਾਣਾ ਪਕਾਉਣ ਦੀ ਮਨਜੂਰੀ ਦਿੱਤੀ ਜਾ ਚੁੱਕੀ ਹੈ ਜਿਸ ਨੂੰ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਾਭਪਾਤਰੀ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਤਬਦੀਲ ਕੀਤਾ ਜਾਣਾ ਸੀ। ਕੁਝ ਵਿਦਿਆਰਥੀਆਂ ਕੋਲ ਚਾਲੂ ਬੈਂਕ ਖਾਤਾ ਨਾ ਹੋਣ ਕਰਕੇ ਸਕੂਲਾਂ ਕੋਲ ਲਗਭਗ 14 ਕਰੋੜ ਰੁਪਏ ਦੀ ਰਾਸ਼ੀ ਪਈ ਹੈ।
ਸਿੰਗਲਾ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਉਹ ਲਾਭਪਾਤਰੀ ਵਿਦਿਆਰਥੀਆਂ ਵਾਸਤੇ ਖਾਣਾ ਪਕਾਉਣ ਸਬੰਧੀ ਰਕਮ ਜਾਰੀ ਕਰਨ ਲਈ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਤੋਂ ਪ੍ਰਵਾਨਗੀ ਲੈਣ। ਉਨ੍ਹਾਂ ਕਿਹਾ ਕਿ 6 ਜੁਲਾਈ, 2020 ਨੂੰ ਭਾਰਤ ਸਰਕਾਰ ਨੂੰ ਇੱਕ ਲਿਖਤੀ ਪੱਤਰ ਵੀ ਭੇਜਿਆ ਗਿਆ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਖਾਣਾ ਪਕਾਉਣ ਦੀ ਲਾਗਤ ਦੀ ਨਗਦ ਅਦਾਇਗੀ ਦੀ ਇਜਾਜ਼ਤ ਮੰਗੀ ਗਈ ਹੈ ਪਰ ਹਾਲੇ ਜਵਾਬ ਦੀ ਉਡੀਕ ਹੈੈ। ਉਨ੍ਹਾਂ ਦੱਸਿਆ ਕਿ ਮੈਂ ਇਹ ਮਸਲਾ ਮਨੁੱਖੀ ਵਿਕਾਸ ਵਿਭਾਗ ਦੇ ਮੰਤਰੀ ਕੋਲ ਨਿੱਜੀ ਤੌਰ ‘ਤੇ ਵੀ ਚੁੱਕਿਆ ਹੈ ਅਤੇ ਸਰਕਾਰੀ ਸਕੂਲੀ ਵਿਦਿਆਰਥੀਆਂ ਦੀ ਹਿੱਤਾਂ ਲਈ ਜਲਦ ਹੀ ਇਸ ਦਾ ਢੁਕਵਾਂ ਹੱਲ ਕੱਢ ਲਿਆ ਜਾਵੇਗਾ। ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਕਿ ਇੱਕ ਵਾਰ ਜਦੋਂ ਸਾਨੂੰ ਮਨਜੂਰੀ ਮਿਲ ਗਈ ਤਾਂ ਕੁਝ ਦਿਨਾਂ ਦੇ ਅੰਦਰ ਹੀ ਖਾਣਾ ਪਕਾਉਣ ਦੀ ਲਾਗਤ ਵਿਦਿਆਰਥੀਆਂ ਨੂੰ ਨਕਦ ਦੇ ਦਿੱਤੀ ਜਾਵੇਗੀ।