punjab
ਸੂਬੇ ਵਿਚ ਪੈਦਾ ਹੋਈ ਅਸਥਿਰਤਾ ਬਾਰੇ ਕਾਂਗਰਸੀ ਆਗੂਆਂ ਵੱਲੋਂ ਲਗਾਤਾਰ ਝੂਠ ਬੋਲਿਆ ਜਾ ਰਿਹਾ: ਕੈਪਟਨ ਅਮਰਿੰਦਰ ਸਿੰਘ
ਹਰੀਸ਼ ਰਾਵਤ ਤੇ ਸੁਰਜੇਵਾਲਾ ਵੱਲੋਂ ਪੇਸ਼ ਕੀਤੇ ਅੰਕੜਿਆਂ ਨੂੰ ਨਵਜੋਤ ਸਿੱਧੂ ਦੀ ਕਮੇਡੀ ਬਰਾਬਰ ਦੱਸਿਆ
ਸੂਬੇ ਵਿਚ ਕਾਂਗਰਸ ਬੁਰੀ ਤਰ੍ਹਾਂ ਲੀਹੋਂ ਲੱਥੀ
ਬਰਗਾੜੀ ਸਬੰਧੀ ਕਾਰਵਾਈ ਨਾ ਕਰਨ ਦੇ ਦੋਸ਼ਾਂ ਨੂੰ ਨਕਾਰਿਆ, ਕਿਹਾ ਜੇ ਬਾਦਲਾਂ ਨਾਲ ਮਿਲੀਭੁਗਤ ਹੁੰਦੀ ਤਾਂ 13 ਸਾਲ ਉਨ੍ਹਾਂ ਨਾਲ ਕਾਨੂੰਨੀ ਲੜਾਈ ਨਾ ਲੜਦਾ
ਚੰਡੀਗੜ੍ਹ, ਅਕਤੂਬਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੂਬੇ ਵਿਚ ਪੈਦਾ ਹੋਈ ਅਸਥਿਰਤਾ ਬਾਰੇ ਕਾਂਗਰਸੀ ਆਗੂਆਂ ਵੱਲੋਂ ਲਗਾਤਾਰ ਝੂਠ ਬੋਲਿਆ ਜਾ ਰਿਹਾ ਹੈ। ਉਹਨਾਂ ਨੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਰਣਦੀਪ ਸੁਰਜੇਵਾਲਾ ਅਤੇ ਹਰੀਸ਼ ਰਾਵਤ ਵੱਲੋਂ ਸੌਂਪੀ ਗਈ ਵਿਵਾਦਤ ਅੰਕੜਿਆਂ ਵਾਲੀ ਚਿੱਠੀ, ਜਿਸ ਵਿੱਚ ਉਹਨਾਂ ਪ੍ਰਤੀ ਬੇਭਰੋਸਗੀ ਜਤਾਈ ਗਈ ਸੀ, ਨੂੰ ਗਲਤੀਆਂ ਭਰਪੂਰ ਅਤੇ ਹਾਸੋਹੀਣਾ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਸੁਰਜੇਵਾਲਾ ਨੇ ਇਹ ਦਾਅਵਾ ਕੀਤਾ ਸੀ ਕਿ ਕਾਂਗਰਸ ਦੇ 79 ਵਿੱਚੋਂ 78 ਨਵੇਂ ਜੁਗ ਵਿਚ ਵਿਧਾਇਕਾ ਨੇ ਪਾਰਟੀ ਲੀਡਰਸ਼ਿਪ ਨੂੰ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਲਈ ਲਿਖਿਆ। ਦੂਜੇ ਪਾਸੇ ਸਿਰਫ਼ ਇੱਕ ਦਿਨ ਪਹਿਲਾਂ ਹਰੀਸ਼ ਰਾਵਤ ਨੇ ਇਹ ਦਾਅਵਾ ਕੀਤਾ ਸੀ ਕਿ 43 ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਹਨ।
ਅਮਰਿੰਦਰ ਸਿੰਘ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਸਾਰੀ ਪਾਰਟੀ ਨੂੰ ਨਵਜੋਤ ਸਿੱਧੂ ਦੇ ਕਮੇਡੀ ਵਾਲੇ ਰੰਗ ਵਿਚ ਰੰਗੀ ਗਈ ਹੈ ਤੇ ਭਵਿੱਖ ਵਿਚ ਇਹ ਦਾਅਵਾ ਕੀਤਾ ਜਾਵੇਗਾ ਕਿ 117 ਵਿਧਾਇਕਾਂ ਨੇ ਉਨ੍ਹਾਂ ਵਿਰੁੱਧ ਲਿਖਿਆ ਸੀ। ਉਨ੍ਹਾਂ ਕਿਹਾ ਕਿ ਰਾਜ ਪ੍ਰਬੰਧ ਚਲਾਉਣ ਸਬੰਧੀ ਕਾਂਗਰਸ ਪਾਰਟੀ ਦੀ ਇਹ ਹਾਲਤ ਕਿ ਇਸ ਦੇ ਆਗੂ ਝੂਠ ਨੂੰ ਵੀ ਠੀਕ ਢੰਗ ਨਾਲ ਪੇਸ਼ ਨਹੀਂ ਕਰ ਸਕ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਉਲਝੀ ਹੋਈ ਹੈ ਤੇ ਇਹ ਸੰਕਟ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਵੱਡੀ ਗਿਣਤੀ ਸੀਨੀਅਰ ਆਗੂਆਂ ਨੇ ਆਪਣੇ ਆਪ ਨੂੰ ਪਾਰਟੀ ਦੇ ਕੰਮਕਾਜ ਤੋਂ ਵੱਖ ਕਰ ਲਿਆ ਹੈ।ਉਨ੍ਹਾਂ ਕਿਹਾ ਕਿ ਜਿਹੜੇ ਵਿਧਾਇਕਾਂ ਨੇ ਉਨ੍ਹਾਂ ਵਿਰੁੱਧ ਸਾਈਨ ਕੀਤੇ ਹਨ, ਉਹ ਵੀ ਦਬਾਅ ਹੇਠ ਹੀ ਕਰਵਾਏ ਗਏ ਹਨ।ਪੰਜਾਬ ਮਸਲੇ ਨੂੰ ਨਾ ਸੰਭਾਲ ਸਕਣ ਕਾਰਨ ਕਾਂਗਰਸ ਖੂੰਜੇ ਲੱਗ ਗਈ ਹੈ ਅਤੇ ਇਸ ਵੇਲੇ ਬੁਰੀ ਤਰ੍ਹਾਂ ਡਰੀ ਹੋਈ ਹੈ ਜੋ ਕਿ ਉਸ ਦੇ ਸੀਨੀਅਰ ਆਗੂਆਂ ਦੇ ਬਿਆਨਾਂ ਤੋਂ ਸਿੱਧ ਹੁੰਦਾ ਹੈ ।ਕਾਂਗਰਸ ਪਾਰਟੀ ਆਪਣੀ ਨਾਕਾਮੀ ਕਿਸੇ ਹੋਰ ਸਿਰ ਮੜਨ ਲਈ ਯਤਨਸ਼ੀਲ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਕਾਂਗਰਸ ਵੱਲੋਂ ਪਹਿਲਾਂ ਕੀਤੀਆਂ ਗ਼ਲਤੀਆਂ ਨੂੰ ਲੁਕਾਉਣ ਲਈ ਲਗਾਤਾਰ ਝੂਠ ਬੋਲਿਆ ਜਾ ਰਿਹਾ ਹੈ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਸਾਲ 2017 ਤੋਂ ਲੈ ਕੇ ਹੁਣ ਤਕ ਸਾਰੀਆਂ ਚੋਣਾਂ ਜਿੱਤ ਦੀ ਆਈ ਹੈ ਜੋ ਕਿ ਪਾਰਟੀ ਆਗੂਆਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਗ਼ਲਤ ਸਿੱਧ ਕਰਦੀ ਹੈ।ਸਾਲ 2017 ਵਿੱਚ ਪਾਰਟੀ ਨੇ ਵਿਧਾਨ ਸਭਾ ਚੋਣਾਂ ਦੌਰਾਨ 77 ਸੀਟਾਂ ਜਿੱਤੀਆਂ। ਸਾਲ 2019 ਦੀਆਂ ਜ਼ਿਮਨੀ ਚੋਣਾਂ ਦੇ ਵਿਚਾਰ ਵਿਚੋਂ ਤਿੰਨ ਸੀਟਾਂ ਪਾਰਟੀ ਨੂੰ ਮਿਲੀਆਂ, ਏਥੋਂ ਤੱਕ ਕਿ ਸੁਖਬੀਰ ਬਾਦਲ ਦੇ ਪ੍ਰਭਾਵ ਵਾਲੇ ਜਲਾਲਾਬਾਦ ਵਿੱਚੋਂ ਵੀ ਪਾਰਟੀ ਨੂੰ ਜਿੱਤ ਪ੍ਰਾਪਤ ਹੋਈ।
ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਪਾਰਟੀ ਨੇ 8 ਸੀਟਾਂ ਜਿੱਤੀਆਂ, ਹਾਲਾਂ ਕਿ ਉਦੋਂ ਦੇਸ਼ ਵਿੱਚ ਭਾਜਪਾ ਦੀ ਲਹਿਰ ਸੀ। ਇਸ ਸਾਲ ਫਰਵਰੀ ਵਿਚ 7 ਨਗਰ ਨਿਗਮਾਂ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਸਾਢੇ ਤਿੰਨ ਸੌ ਸੀਟਾਂ ਵਿਚੋਂ 281 ਸੀਟਾਂ ਜਿੱਤੀਆਂ ਤੇ ਨਗਰ ਕੌਂਸਲ ਦੀਆਂ ਚੋਣਾਂ ਵਿਚ 109 ਨਗਰ ਕੌਂਸਲਾਂ ਵਿੱਚੋਂ 97 ਤੇ ਜਿੱਤ ਪ੍ਰਾਪਤ ਕੀਤੀ।
ਇਸ ਗੱਲ ਤੋਂ ਸਾਫ ਹੈ ਕਿ ਪੰਜਾਬ ਦੇ ਲੋਕਾਂ ਦਾ ਉਹਨਾਂ ਉੱਤੇ ਭਰੋਸਾ ਕਾਇਮ ਹੈ। ਜਦਕਿ ਰਣਦੀਪ ਸੁਰਜੇਵਾਲਾ ਵੱਲੋਂ ਇਸ ਦੇ ਉਲਟ ਦਾਅਵੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰਾ ਡਰਾਮਾ ਨਵਜੋਤ ਸਿੱਧੂ ਦੀ ਸ਼ਹਿ ਦੇ ਉੱਤੇ ਕੁਝ ਕੁ ਵਿਧਾਇਕਾਂ ਤੇ ਲੀਡਰਾਂ ਵੱਲੋਂ ਰਚਿਆ ਗਿਆ। ਇਸ ਗੱਲ ਦਾ ਸਬੂਤ ਬੀਤੇ ਦਿਨ ਹਰੀਸ਼ ਰਾਵਤ ਵੱਲੋਂ ਬਰਗਾੜੀ ਤੋਂ ਬਾਅਦ ਹੋਈ ਪੁਲੀਸ ਫਾਇਰਿੰਗ ਦੀ ਘਟਨਾ ਵਰਗੇ ਸੰਵੇਦਨਸ਼ੀਲ ਮੁੱਦੇ ਉੱਤੇ ਦਿੱਤੇ ਬਿਆਨ ਤੋਂ ਮਿਲਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪਾਰਟੀ ਨੂੰ ਆਪਣੀ ਗਲਤੀਆਂ ਲਈ ਚੋਣਾਂ ਦੌਰਾਨ ਵੱਡਾ ਨੁਕਸਾਨ ਭੁਗਤਣਾ ਪਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਸਵਾਲ ਉਠਾਇਆ ਕਿ ਜੇ ਉਨ੍ਹਾਂ ਦੀ ਬਾਦਲਾਂ ਨਾਲ ਮਿਲੀਭੁਗਤ ਸੀ ਤਾਂ ਉਹ ਪਿਛਲੇ 13 ਸਾਲਾਂ ਤੋਂ ਲਗਾਤਾਰ ਬਾਦਲਾਂ ਖ਼ਿਲਾਫ਼ ਕਾਨੂੰਨੀ ਲੜਾਈ ਕਿਉਂ ਲੜ ਰਹੇ ਹਨ। ਇਹਨਾਂ ਕਾਨੂੰਨੀ ਲੜਾਈਆਂ ਦੇ ਵਿੱਚ ਕਾਂਗਰਸ ਪਾਰਟੀ ਦਾ ਇਕ ਵੀ ਆਗੂ ਉਹਨਾਂ ਦੇ ਨਾਲ ਨਹੀ ਖੜਿਆ। ਇਹਨਾਂ ਮਾਮਲਿਆਂ ਸਬੰਧੀ ਕਾਰਵਾਈ ਨਾ ਕਰਨ ਦੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਾਰਚ 2017 ਵਿਚ ਚਾਰਜ ਲੈਣ ਉਪਰੰਤ ਸਰਕਾਰ ਨੇ ਬੇਅਦਬੀ ਦੇ ਤਿੰਨ ਮੁੱਖ ਮਾਮਲਿਆਂ ਜਿਹੜੇ ਕਿ ਸਾਲ 2015 ਵਿੱਚ ਜੂਨ ਤੋਂ ਲੈ ਕੇ ਅਕਤੂਬਰ ਦਰਮਿਆਨ ਹੋਏ ਸਨ, ਵਿੱਚ ਲੋੜੀਂਦੇ ਤਿੰਨ ਮੁੱਖ ਮੁਲਜ਼ਮ ਮਹਿੰਦਰਪਾਲ ਉਰਫ ਬਿੱਟੂ, ਸੁਖਜਿੰਦਰ ਸਿੰਘ ਉਰਫ ਸਨੀ ਤੇ ਸ਼ਕਤੀ ਸਿੰਘ ਨੂੰ 5 ਜੁਲਾਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜੋ ਕਿ ਸਰਕਾਰ ਬਣਨ ਤੋਂ ਲੈਕੇ 16 ਮਹੀਨਿਆਂ ਦਾ ਸਮਾਂ ਬਣਦਾ ਹੈ।ਕੋਟਕਪੂਰਾ ਅਤੇ ਬਹਿਬਲ ਕਲਾਂ ਫ਼ਾਇਰਿੰਗ ਕੇਸਾਂ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਆਈਜੀਪੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਐਸਐਸਪੀ ਚਰਨਜੀਤ ਸ਼ਰਮਾ ਨੂੰ ਸਰਕਾਰ ਬਣਨ ਦੇ ਦੋ ਸਾਲਾਂ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕੀਤਾ ਗਿਆ।ਸਾਬਕਾ ਡੀ ਜੀ ਪੀ ਸੁਮੇਧ ਸੈਣੀ ਅਤੇ ਸਾਬਕਾ ਵਿਧਾਇਕ ਮਨਤਾਰ ਬਰਾੜ ਸਮੇਤ 12 ਜਣਿਆਂ ਨੂੰ ਨਾਮਜ਼ਦ ਕਰਕੇ ਚਾਰਜਸ਼ੀਟ ਕੀਤਾ ਗਿਆ। ਇਹਨਾਂ ਮਾਮਲਿਆਂ ਸਬੰਧੀ ਕੋਈ ਵੀ ਕਾਰਵਾਈ ਨਾ ਹੋਣ ਦਾ ਰੌਲਾ ਰੱਪਾ ਨਵਜੋਤ ਸਿੱਧੂ ਅਤੇ ਉਸ ਦੇ ਸਾਥੀਆਂ ਵੱਲੋਂ ਕੇਵਲ ਸੱਤਾ ਹਥਿਆਉਣ ਲਈ ਪਾਇਆ ਗਿਆ।