Punjab
ਕਾਂਗਰਸ ਦਾ ਗੁੰਡਾਰਾਜ ਹੁਣ ਚਾਰ ਦਿਨਾਂ ਵਿਚ ਖਤਮ ਹੋ ਜਾਵੇਗਾ ਸੁਖਬੀਰ ਸਿੰਘ ਬਾਦਲ

ਸੰਗਰੂਰ, ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਦਾ ਗੁੰਡਾ ਰਾਜ ਹੁਣ ਚਾਰ ਦਿਨਾਂ ਵਿਚ ਖਤਮ ਜਾਵੇਗਾ ਤੇ ਪੰਜਾਬੀ ਕਿਸਾਨੀ ਪੱਖੀ ਤੇ ਗਰੀਬ ਪੱਖੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਾਉਣ ਲਈ ਤਿਆਰ ਰਹਿਣ ਜੋ ਹਰੇਕ ਨੁੰ ਨਾਲ ਲੈ ਕੇ ਸ਼ਾਂਤੀ ਅਤੇ ਖੁਸ਼ਹਾਲੀ ਦੇ ਰਾਹ ਚੱਲੇਗੀ।
ਧੂਰੀ ਵਿਚ ਪਾਰਟੀ ਦੇ ਉਮੀਦਵਾਰ ਪ੍ਰਕਾਸ਼ ਚੰਦ ਗਰਗ, ਬਰਨਾਲਾ ਵਿਚ ਕੁਲਵੰਤ ਸਿੰਘ ਕੀਤੂ ਅਤੇ ਨਾਭਾ ਵਿਚ ਕਬੀਰ ਦਾਸ ਦੇ ਹੱਕ ਵਿਚ ਵੱਡੇ ਇਕੱਠਾਂ ਨੁੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬੀਆਂ ਨੁੰ ਕੁਝ ਦੇਣ ਦੀ ਥਾਂ ’ਤੇ ਕਾਂਗਰਸ ਸਰਕਾਰ ਨੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀਆਂ ਅਕਾਲੀ ਦਲ ਦੀਆਂ ਸਰਕਾਰਾਂ ਵੱਲੋਂ ਦਿੱਤੀਆਂ ਸਾਰੀਆਂ ਸਹੂਲਤਾਂ ਖੋਹ ਲਈਆਂ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ’ਤੇ ਪੰਜਾਬੀਆਂ ਨਾਲ ਕੀਤਾ ਵਾਅਦਾ ਨਿਭਾਉਣ ਲਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ 2017 ਵਿਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਾਅਦਿਆਂ ਵਿਚੋਂ ਇਸਨੇ ਕੋਈ ਵੀ ਵਾਅਦਾ ਨਹੀਂ ਨਿਭਾਇਆ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫੀ, ਘਰ ਘਰ ਨੌਕਰੀ, ਨੌਜਵਾਨਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਅਤੇ ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ ਦੀ ਰਾਸ਼ੀ ਵਿਚ ਵਾਧੇ ਦਾ ਵਾਅਦਾ ਕੀਤਾ ਸੀ ਪਰ ਇਹਨਾਂ ਵਿਚੋਂ ਇਕ ਵੀ ਵਾਅਦਾ ਨਹੀਂ ਨਿਭਾਇਆ।
ਬਾਦਲ ਨੇ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਨਿਭਾਉਣ ਦੀ ਗੱਲ ਛੱਡੋ ਕਾਂਗਰਸ ਸਰਕਾਰ ਨੇ ਚਲ ਰਹੀਆਂ ਸਕੀਮਾਂ ਜਾਂ ਤਾਂ ਬੰਦ ਕਰ ਦਿੱਤੀਆਂ ਜਾਂ ਫਿਰ ਇਹਨਾਂ ਵਿਚ ਕਟੌਤੀ ਕਰ ਦਿੱਤੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਲੱਖਾਂ ਨੀਲੇ ਕਾਰਡ ਕੱਟੇ ਦਿੱੇਤ ਜਿਹਨਾਂ ਦੀ ਬਦੌਲਤ ਗਰੀਬਾਂ ਨੁੰ ਸਸਤਾ ਰਾਸ਼ਨ ਮਿਲਦਾ ਸੀ। ਉਹਨਾਂ ਕਿਹਾ ਕਿ ਸਰਕਾਰ ਨੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਬੰਦ ਕਰ ਦਿੱਤੀ, ਸੇਵਾ ਕੇਂਦਰ ਬੰਦ ਕਰ ਦਿੱਤੇ, ਜਿਮ ਖੋਲ੍ਹਣੇ ਬੰਦ ਕਰ ਦਿੱਤੇ ਅਤੇ ਖੇਡ ਕਿੱਟਾਂ ਵੰਡਣੀਆਂ ਬੰਦ ਕਰ ਦਿੱਤੀਆਂ ਤੇ ਵਿਸ਼ਵ ਕਬੱਡੀ ਕੱਪ ਕਰਵਾਉਣਾ ਬੰਦ ਕਰ ਦਿੱਤਾ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੱਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਚੰਨੀ ਅਸਲ ਵਿਚ ਅਨੁਸੂਚਿਤ ਜਾਤੀ ਭਾਈਚਾਰੇ ਦੇ ਖਿਲਾਫ ਕੰਮ ਕਰਦੇ ਹਨ। ਉਹਨਾਂ ਕਿਹਾ ਕਿ ਪੰਜ ਸਾਲ ਤੱਕ ਕੈਬਨਿਟ ਮੰਤਰੀ ਹੋਣ ਦੇ ਬਾਵਜੂਦ ਚੰਨੀ ਨੇ ਕਦੇ ਵੀ ਐਸ ਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਸਕੀਮ ਬੰਦ ਕਰ ਕੇ ਉਹਨਾਂ ਨਾਲ ਹੋਏ ਧੱਕੇ ਵਿਰੁੱਧ ਆਵਾਜ਼ ਬੁਲੰਦ ਨਹੀਂ ਕੀਤੀ। ਉਹਨਾਂ ਦੇ ਵਜ਼ਾਰਤੀ ਸਾਥੀ ਸਾਧੂ ਸਿੰਘ ਧਰਮਸੋਤ ਨੇ ਇਸ ਸਕਾਲਰਸ਼ਿਪ ਦਾ 64 ਕਰੋੜ ਰੁਪਏ ਦਾ ਘੁਟਾਲਾ ਕੀਤਾ ਸੀ। ਉਹਨਾਂ ਕਿਹਾ ਕਿ ਚੰਨੀ ਨੇ ਕਦੇ ਵੀ ਆਪਣੀ ਸਰਕਾਰ ਵੱਲੋਂ ਨੀਲੇ ਕਾਰਡ ਕੱਟਣ ਵਿਰੁੱਧ ਆਵਾਜ਼ ਬੁਲੰਦ ਨਹੀਂ ਕੀਤੀ।
ਸਰਦਾਰ ਬਾਦਲ ਨੇ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਤੋਂ ਨਿਆਂ ਦੀ ਆਸ ਨਾ ਰੱਖਣ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਸ੍ਰੀ ਦਰਬਾਰ ਸਾਹਿਬ ’ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਨ ਦੀ ਦੋਸ਼ੀ ਹੈ। ਉਹਨਾਂ ਕਿਹਾ ਕਿ ਗਾਂਧੀ ਪਰਿਵਾਰ ਨੇ ਹੀ ਦਿੱਲੀ ਤੇ ਦੇਸ਼ ਦੇ ਹੋਰ ਭਾਗਾਂ ਵਿਚ ਸਿੱਖਾਂ ਦੇ ਕਤਲੇਆਮ ਦੇ ਹੁਕਮ ਦਿੱਤੇ। ਉਹਨਾਂ ਕਿਹਾ ਕਿ ਤੁਸੀਂ ਅਜਿਹੇ ਪਰਿਵਾਰ ਤੇ ਪਾਰਟੀ ਤੋਂ ਨਿਆਂ ਦੀ ਆਸ ਕਿਵੇਂ ਕਰ ਸਕਦੇ ਹੋ ?
ਬਾਦਲ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਲੋਕਾਂ ਦੇ ਨਾਲ ਖੜ੍ਹਦਾ ਹੈ ਤੇ ਅਕਾਲੀ ਦਲ ਨੇ ਹਮੇਸ਼ਾ ਪੰਜਾਬੀਆਂ ਨਾਲ ਕੀਤੇ ਵਾਅਦੇ ਨਿਭਾਏ ਹਨ, ਉਹ ਭਾਵੇਂ ਖੇਤੀਬਾੜੀ ਲਈ ਮੁਫਤ ਬਿਜਲੀ ਦੇਣ ਦੀ ਗੱਲ ਹੋਵੇ ਜਾਂ ਫਿਰ ਪੰਜਾਬ ਨੁੰ ਬਿਜਲੀ ਸਰਪਲੱਸ ਬਣਾਉਣ ਦੀ ਗੱਲ ਹੋਵੇ। ਬਾਦਲ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਬੁਢਾਪਾ ਪੈਨਸ਼ਨ 1500 ਰੁਪਏ ਤੋਂ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕਰਨ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਸ਼ਗਨ ਸਕੀਮ ਤਹਿਤ ਧੀਆਂ ਨੁੰ 75000 ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਗਠਜੋੜ ਸਰਕਾਰ ਬੀ ਪੀ ਐਲ ਪਰਿਵਾਰਾਂ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਦੀ ਸਹਾਇਤਾ ਦੇਵੇਗੀ, ਉਚੇਰੀ ਸਿੱਖਿਆ ਲਈ ਵਿਦਿਆਰਥੀਆਂ ਨੂੰ ਸਟੂਡੈਂਟ ਕਾਰਡ ਤਹਿਤ 10 ਲੱਖ ਰੁਪਏ ਤੱਕ ਦਾ ਵਿਆਜ਼ ਮੁਕਤ ਕਰਜ਼ਾ ਦਿੱਤਾ ਜਾਵੇਗਾ, ਹਰੇਕ ਦਾ 10 ਲੱਖ ਰੁਪਏ ਦਾ ਮੈਡੀਕਲ ਬੀਮਾ ਕਰਵਾਇਆ ਜਾਵੇਗਾ, ਇਕ ਲੱਖ ਸਰਕਾਰੀਨੌਕਰੀਆਂ ਤੇ 10 ਲੱਖ ਪ੍ਰਾਈਵੇਟ ਨੌਕਰੀਆਂ ਦੀ ਸਿਰਜਣਾ ਕੀਤੀ ਜਾਵੇ,ਬੇਘਰੇ ਲੋਕਾਂ ਨੂੰ 5 ਲੱਖ ਘਰ ਬਣਾ ਕੇ ਦਿੱਤੇ ਜਾਣਗੇ ਅਤੇ ਹਰ ਹਲਕੇ ਵਿਚ 5 ਹਜ਼ਾਰ ਲੋਕਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾਣਗੇ।