Punjab
ਵਾਤਾਵਰਣ ਸੰਤੁਲਨ ਬਣਾਈ ਰੱਖਣ ਲਈ ਜੰਗਲੀ ਜੀਵਾਂ ਦੀ ਸੰਭਾਲ ਜ਼ਰੂਰੀ: ਲਾਲ ਚੰਦ ਕਟਾਰੂਚੱਕ
ਚੰਡੀਗੜ੍ਹ:
ਵਾਤਾਵਰਣ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਜੰਗਲੀ ਜੀਵਾਂ ਦੀ ਸੰਭਾਲ ਜ਼ਰੂਰੀ ਹੈ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੋਵਾਂ ਚਿੜੀਆਘਰਾਂ ਦੇ ਨਾਲ-ਨਾਲ ਉੱਥੇ ਰਹਿਣ ਵਾਲੇ ਜਾਨਵਰਾਂ ਦੀ ਢੁੱਕਵੀਂ ਸੰਭਾਲ ਅਤੇ ਰੱਖ-ਰਖਾਅ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਇਸ ਦੇ ਹਿੱਸੇ ਵਜੋਂ, ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਸੂਬੇ ਭਰ ਦੇ ਵੱਖ-ਵੱਖ ਚਿੜੀਆਘਰਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕਈ ਕਦਮ ਚੁੱਕੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਇਸ ਸਾਲ ਮਾਰਚ ਤੋਂ ਸੂਬੇ ਦੀ ਵਾਗਡੋਰ ਸੰਭਾਲਣ ਤੋਂ ਲੈ ਕੇ ਹੁਣ ਤੱਕ ਨਵੀਂ ਸਰਕਾਰ ਵੱਲੋਂ ਮਹੇਂਦਰਾ ਚੌਧਰੀ ਜ਼ੂਲੋਜੀਕਲ ਪਾਰਕ, ਛੱਤਬੀੜ ਵਿੱਚ 3 ਮਾਸਾਹਾਰੀ ਜਾਨਵਰਾਂ ਦੇ ਵਾੜਿਆਂ ਦਾ ਨਵੀਨੀਕਰਨ ਕੀਤਾ ਗਿਆ ਹੈ ਜਿਸ ਵਿੱਚ ਉਹਨਾਂ ਦੀ ਸੁਚੱਜੀ ਦੇਖਭਾਲ ਲਈ ਸਹੂਲਤਾਂ ਉਪਲਬਧ ਹਨ। ਇਸ ਤੋਂ ਇਲਾਵਾ ਛੱਤਬੀੜ ਚਿੜੀਆਘਰ ਵਿਖੇ ਸੈਲਾਨੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਾਸਾਹਾਰੀ ਜਾਨਵਰਾਂ ਦੇ ਵਾੜੇ ਦੇ ਸਾਹਮਣੇ ਮੈਟਲ ਬੈਰੀਅਰ ਵੀ ਬਣਾਏ ਗਏ ਹਨ ਅਤੇ ਚਿੜੀਆਘਰ ਦੇ ਐਂਟਰੀ ਗੇਟ ‘ਤੇ ਖੁੱਲ੍ਹੇ ਵਿੱਚ ਜ਼ੂ ਐਜੂਕੇਸ਼ਨ ਪਲਾਜ਼ਾ ਵੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ, ਚਿੜੀਆਘਰ ਦੀ ਹੱਦ ਦੇ ਨਾਲ 3 ਕਿਲੋਮੀਟਰ ਲੰਬਾ ਸਰਵਿਸ ਸਰਕੂਲੇਸ਼ਨ ਪਾਥਵੇਅ (ਵਾੜ ਲਗਾ ਕੇ) ਬਣਾਇਆ ਗਿਆ ਹੈ।
ਪਟਿਆਲਾ ਚਿੜੀਆਘਰ ਵਿਖੇ ਚਾਰਦੀਵਾਰੀ ਕਰਕੇ ਚੀਤੇ ਅਤੇ ਘੜਿਆਲ ਦੇ ਵਾੜੇ ਬਣਾਉਣ ਦੇ ਨਾਲ-ਨਾਲ ਲੁਧਿਆਣਾ ਚਿੜੀਆਘਰ ਵਿਖੇ ਕੈਫੇਟੇਰੀਆ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਮੰਤਰੀ ਨੇ ਦੱਸਿਆ ਕਿ ਬਠਿੰਡਾ ਦੇ ਬੀੜ ਤਾਲਾਬ ਚਿੜੀਆਘਰ ਵਿੱਚ ਵੀ ਚਾਰਦੀਵਾਰੀ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਛੱਤਬੀੜ ਦੇ ਐਮ.ਸੀ. ਜ਼ੂਲੋਜੀਕਲ ਪਾਰਕ ਵਿਖੇ ਵਿਸ਼ਾਖਾਪਟਨਮ ਚਿੜੀਆਘਰ ਤੋਂ ਵੱਖ-ਵੱਖ ਕਿਸਮਾਂ ਦੇ ਜਾਨਵਰਾਂ ਜਿਵੇਂ ਕਿ ਜੰਗਲੀ ਕੁੱਤਾ, ਲੱਕੜ ਬੱਗਾ, ਗ੍ਰੇ ਪੈਲੀਕਨ ਅਤੇ ਬੋਨਟ ਮੈਕਾਕ ਲਿਆਂਦੇ ਹਨ। ਇਸੇ ਤਰ੍ਹਾਂ ਮੈਸੂਰ ਦੇ ਚਿੜੀਆਘਰ ਤੋਂ ਗੌੜ, ਇੰਡੀਅਨ ਗ੍ਰੇ ਵੁਲਫ, ਹਿਮਾਲੀਅਨ ਗੋਰਲ, ਸਰਸ ਕ੍ਰੇਨ, ਬਲੈਕ ਸਵਾਨ, ਲੇਡੀ ਐਮਹਰਸਟ ਫੀਜ਼ੈਂਟ ਲਿਆਂਦੇ ਹਨ।