Punjab
ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ ਵਿਖੇ ਕਨਵੋਕੇਸ਼ਨ—2022) 286 ਵਿਦਿਆਰਥੀਆਂ ਨੂੰ ਕੀਤੀਆਂ ਡਿਗਰੀਆਂ ਪ੍ਰਦਾਨ

ਪਟਿਆਲਾ ਵਿਖੇ ਸਲਾਨਾ ਕਨਵੋਕੇਸ਼ਨ 2022 ਪ੍ਰਿੰਸੀਪਲ (ਡਾ.) ਕੁਸੁਮ ਲਤਾ ਜੀ ਦੀ ਰਹਿਨੁਮਾਈ ’ਚ ਕਰਵਾਈ ਗਈ। ਇਸ ਸਮਾਗਮ ਵਿਚ ਉੱਘੇ ਵਿਦਵਾਨ ਅਤੇ ਸਾਇੰਸਦਾਨ ਅਰਵਿੰਦ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਨਵੋਕੇਸ਼ਨ ਦੌਰਾਨ ਸ਼ੈਸ਼ਨ 2020—21 ਦੇ 286 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਨ੍ਹਾਂ ਵਿਚ 255 ਵਿਦਿਆਰਥੀਆਂ ਨੂੰ ਗ੍ਰੈਜੂਏਟ ਅਤੇ 31 ਵਿਦਿਆਰਥੀਆਂ ਨੂੰ ਪੋਸਟ ਗ੍ਰੈਜੂਏਟ ਦੀਆਂ ਡਿਗਰੀਆਂ ਦਿੱਤੀਆਂ ਗਈਆਂ। ਸਮਾਗਮ ਦਾ ਆਗਾਜ਼ ਮੁੱਖ ਮਹਿਮਾਨ ਅਰਵਿੰਦ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ।
ਕਾਲਜ ਦੇ ਪ੍ਰਿੰਸੀਪਲ ਸਾਹਿਬਾ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਕਾਲਜ ਦੇ ਵਿਦਿਆਰਥੀਆਂ ਦੀਆਂ ਅਕਾਦਮਿਕ ਅਤੇ ਸਹਿ—ਅਕਾਦਮਿਕ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਾਲਜ ਲਈ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਹਰ ਸਾਲ ਇਸ ਕਾਲਜ ਦੇ ਵਿਦਿਆਰਥੀ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਦੇ ਹਨ। ਸ਼ੈਸ਼ਨ 2018—19 ਲਈ ਕਾਲਜ ਦੀ ਐਮ.ਕਾਮ ਦੀ ਵਿਦਿਆਰਥਣ ਦੀਕਸ਼ਾ ਬਾਂਸਲ ਨੂੰ ਚਾਂਸਲਰ ਐਵਾਰਡ ਨਾਲ, ਬੀ.ਕਾਮ ਦੀ ਵਿਦਿਆਰਥਣ ਵੰਦਨਾਂ ਨੂੰ ਗੋਲਡ ਮੈਡਲ ਨਾਲ ਅਤੇ ਐਮ.ਐਸ.ਸੀ (ਆਈ.ਟੀ) ਦੀ ਵਿਦਿਆਰਥਣ ਰੁਪਿੰਦਰ ਕੌਰ ਨੂੰ ਸਿਲਵਰ ਮੈਡਲ ਨਾਲ ਨਿਵਾਜਿਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਨੇ ਕਿਹਾ ਕਿ ਬਿਕਰਮ ਕਾਲਜ ਆਫ਼ ਕਾਮਰਸ ਉੱਤਰੀ ਭਾਰਤ ਦੀ ਇੱਕ ਨਾਮਵਰ ਸੰਸਥਾ ਹੈ ਜਿਸ ਦੇ ਵਿਦਿਆਰਥੀਆਂ ਨੇ ਇਸਦਾ ਨਾਮ ਪੂਰੀ ਦੁਨੀਆਂ ਵਿਚ ਰੁਸ਼ਨਾਇਆ ਹੈ। ਇਹ ਸੰਸਥਾ ਆਪਣੇ ਕਾਮਰਸ ਦੇ ਖੇਤਰ ਵਿਚ ਹਮੇਸ਼ਾ ਹੀ ਅੱਗੇ ਵਧਣ ਲਈ ਯਤਨਸ਼ੀਲ ਰਹੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ। ਮੰਚ ਦਾ ਸੰਚਾਲਨ ਅਤੇ ਧੰਨਵਾਦ ਦਾ ਮਤਾ ਡਾ. ਵਨੀਤਾ ਰਾਣੀ ਵੱਲੋਂ ਕੀਤਾ ਗਿਆ। ਰਾਮ ਕੁਮਾਰ, ਰਜਿਸਟਰਾਰ ਘਰੇਲੂ ਪ੍ਰੀਖਿਆਵਾਂ ਨੇ ਬਤੌਰ ਕੋਆਰਡੀਨੇਟਰ ਆਪਣੀ ਡਿਊਟੀ ਬਾਖੂਬੀ ਨਿਭਾਈ। ਇਸ ਸਮਾਗਮ ਵਿਚ ਵੱਖ—ਵੱਖ ਕਾਲਜਾਂ ਦੇ ਪ੍ਰਿੰਸੀਪਲ, ਕਾਲਜ ਮੈਨੇਜਮੈਂਟ ਕਮੇਟੀ, ਬਿਕਰਮ ਅਲੂਮਨੀ (ਗਲੋਬਲ) ਐਸੋਸੀਏਸ਼ਨ, ਪੀ.ਟੀ.ਏ. ਅਤੇ ਐਚ.ਈ.ਆਈ.ਐਸ ਸੋਸਾਇਟੀ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਆਰ.ਕੇ. ਸ਼ਰਮਾ, ਹਰਬੰਸ ਬਾਂਸਲ, ਰਾਜੀਵ ਗੋਇਲ, ਉਮੇਸ਼ ਘਈ, ਤਰਸੇਮ ਬਾਂਸਲ, ਚਰਨਜੀਤ ਕੌਰ, ਡਾ. ਜਸਪ੍ਰੀਤ ਕੌਰ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਰਹੇ।