Punjab
ਪੰਜਾਬ ‘ਚ ਟੈਸਟਿੰਗ ਵਧਣ ਨਾਲ ਵਧੇ ਕੋਰੋਨਾ ਦੇ ਮਰੀਜ਼: 24 ਘੰਟਿਆਂ ‘ਚ 225 ਨਵੇਂ ਮਾਮਲੇ ਆਏ ਸਾਹਮਣੇ

ਪੰਜਾਬ ਵਿੱਚ ਟੈਸਟਿੰਗ ਵਧਣ ਦੇ ਨਾਲ ਹੀ ਕਰੋਨਾ ਪਾਜ਼ੇਟਿਵ ਕੇਸਾਂ ਵਿੱਚ ਵੀ ਅਚਾਨਕ ਵਾਧਾ ਹੋਇਆ ਹੈ। ਰਾਜ ਦੇ ਸਿਹਤ ਵਿਭਾਗ ਨੇ 4331 ਸੈਂਪਲ ਇਕੱਠੇ ਕਰਕੇ ਜਾਂਚ ਲਈ ਭੇਜੇ ਸਨ, ਜਿਨ੍ਹਾਂ ਵਿੱਚੋਂ 3643 ਸੈਂਪਲਾਂ ਦੀ ਜਾਂਚ ਕੀਤੀ ਗਈ। 3643 ਵਿੱਚੋਂ 225 ਨਮੂਨਿਆਂ ਦਾ ਨਤੀਜਾ ਪਾਜ਼ੀਟਿਵ ਆਇਆ ਹੈ। ਸੂਬੇ ਵਿੱਚ ਨਵੇਂ ਕੇਸਾਂ ਨਾਲ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 1571 ਹੋ ਗਈ ਹੈ।
ਸੂਬੇ ‘ਚ 20 ਲੈਵਲ-2 ਮਰੀਜ਼ਾਂ ਅਤੇ 12 ਲੈਵਲ-3 ਕੋਰੋਨਾ ਪੀੜਤਾਂ ਦੀ ਹਾਲਤ ਵਿਗੜਨ ‘ਤੇ ਉਨ੍ਹਾਂ ਨੂੰ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਹੈ। ਜਦਕਿ ਇੱਕ ਮਰੀਜ਼ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਉਸ ਨੂੰ ਵੈਂਟੀਲੇਟਰ ਲਾਈਫ ਸਪੋਰਟ ਸਿਸਟਮ ‘ਤੇ ਰੱਖਿਆ ਗਿਆ ਹੈ। ਲੁਧਿਆਣਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਇੱਕ ਬਜ਼ੁਰਗ ਔਰਤ ਦੀ ਵੀ ਕੋਰੋਨਾ ਕਾਰਨ ਮੌਤ ਹੋ ਗਈ ਹੈ।
227 ਮਰੀਜ਼ਾਂ ਨੂੰ ਠੀਕ ਹੋਣ ‘ਤੇ ਛੁੱਟੀ ਦੇ ਦਿੱਤੀ ਗਈ ਹੈ
ਜੇਕਰ ਸੂਬੇ ‘ਚ ਟੈਸਟਿੰਗ ਵਧਣ ‘ਤੇ 6.18 ਫੀਸਦੀ ਦੀ ਦਰ ਨਾਲ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਤਾਂ ਰਾਹਤ ਦੀ ਖਬਰ ਹੈ ਕਿ ਪੀੜਤ ਵੀ ਉਸੇ ਰਫਤਾਰ ਨਾਲ ਠੀਕ ਹੋ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ 227 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਦਿੱਤੀ ਗਈ ਹੈ।