Governance
ਪੰਜਾਬ ‘ਚ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਨਹੀਂ ਐਲਾਨਿਆ, ਸੂਬਾ ਸਰਕਾਰ ਨੇ ਕੀਤਾ ਸਪਸ਼ਟ

6 ਮਾਰਚ, ਚੰਡੀਗੜ੍ਹ ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਸਪੱਸ਼ਟ ਕੀਤਾ ਕਿ ਕੋਰੋਨਾ ਵਾਇਰਸ ਨੂੰ ਸੂਬੇ ਵਿੱਚ ਮਹਾਂਮਾਰੀ ਨਹੀਂ ਐਲਾਨਿਆ ਹੈ।, ਅਤੇ ਸਿਹਤ ਵਿਭਾਗ ਨੇ ‘ਦਿ ਐਪੀਡੈਮਿਕ ਡਿਜੀਜ਼ ਐਕਟ (ਮਹਾਂਮਾਰੀ ਬਿਮਾਰੀ ਕਾਨੂੰਨ) 1897’ ਤਹਿਤ ਸਿਰਫ ਇਹਤਿਹਾਤ ਵਜੋਂ ਸਾਵਧਾਨੀ ਸਲਾਹਕਾਰੀ ਜਾਰੀ ਕੀਤੀ ਹੈ ਜੋ ਕਿਸੇ ਵੀ ਖਤਰਨਾਕ ਮਹਾਂਮਾਰੀ ਨੂੰ ਰੋਕਣ ਜਾਂ ਇਸ ਦੇ ਫੈਲਣ ਤੋਂ ਰੋਕਣ ਲਈ ਵਿਸ਼ੇਸ਼ ਉਪਾਵਾਂ ਦੀ ਵਿਵਸਥਾ ਕਰਦੀ ਹੈ।
ਸਰਕਾਰੀ ਬੁਲਾਰੇ ਨੇ ਇਹ ਸਪੱਸ਼ਟ ਕੀਤਾ ਹੈ ਕਿ ਵਿਭਾਗ ਵੱਲੋਂ ਪਹਿਲਾ ਜਾਰੀ ਪ੍ਰੈਸ ਰਿਲੀਜ਼ ਵਿੱਚ ਅਣਜਾਨੇ ਵਿੱਚ ਕੋਵਿਡ-2019 ਨੂੰ ਮਹਾਂਮਾਰੀ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕੋਈ ਵੀ ਮਹਾਂਮਾਰੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਉਕਤ ਐਕਟ ਤਹਿਤ ਕੋਰੋਨਾ ਵਾਇਰਸ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਇਕ ਅਸਥਾਈ ਨਿਯਮ ਵਜੋਂ ਸਲਾਹਕਾਰੀ ਜਾਰੀ ਕੀਤੀ ਹੈ। ਬੁਲਾਰੇ ਨੇ ਕਿਹਾ ਕਿ ਫਿਲਹਾਲ ਘਬਰਾਹਟ ਦੀ ਕੋਈ ਗੱਲ ਨਹੀਂ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।
ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਇਟਲੀ ਤੋਂ ਹੁਸ਼ਿਆਰਪੁਰ ਆਏ ਤਿੰਨ ਵਿਅਕਤੀਆਂ ਵਿੱਚੋਂ ਦੋ ਵਿਅਕਤੀ ਜੋ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਹਨ, ਦੇ ਨਮੂਨੇ ਏਮਜ਼ ਦਿੱਲੀ ਦੀਆਂ ਮੁੱਢਲੀਆਂ ਰਿਪੋਰਟਾਂ ਵਿੱਚ ਪਾਜ਼ੇਟਿਵ ਪਾਏ ਹਏ ਹਨ। ਉਨ੍ਹਾਂ ਦੇ ਐਨ.ਆਈ.ਵੀ. ਪੁਣੇ ਵਿੱਚ ਭੇਜੇ ਸੈਂਪਲ ਦੀਆਂ ਅੰਤਿਮ ਰਿਪੋਰਟਾਂ ਦੀ ਹਾਲੇ ਉਡੀਕ ਹੈ।
ਬੁਲਾਰੇ ਨੇ ਸਪੱਸ਼ਟ ਕੀਤਾ ਕਿ ਇਹ ਸਲਾਹਕਾਰੀ ਨੋਟੀਫਿਕੇਸ਼ਨ ਜਿਸ ਵਿੱਚ ਰੋਕਥਾਮ ਅਤੇ ਸਾਵਧਾਨੀ ਦੀ ਸੂਚੀ ਹੈ, ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਯਕੀਨੀ ਬਣਾਉਣ ਕਿ ਸੂਬੇ ਵਿੱਚ ਬਿਮਾਰੀ ਨਾ ਫੈਲੇ, ਦੇ ਫੈਸਲਿਆਂ ਅਨੁਸਾਰ ਜਾਰੀ ਕੀਤਾ ਗਿਆ ਸੀ। ਸਰਕਾਰ ਨੇ ਇਸ ਬਿਮਾਰੀ ਨੂੰ ਮਹਾਂਮਾਰੀ ਵਜੋਂ ਐਲਾਨ ਕਰਨ ਦਾ ਕੋਈ ਫੈਸਲਾ ਨਹੀਂ ਕੀਤਾ।