India
ਕੋਰੋਨਾ ਬਣਿਆ ਜਮਦੂਤ, ਪੰਜਾਬ ‘ਚ 13 ਕੇਸਾਂ ਦੀ ਪੁਸ਼ਟੀ

ਚੀਨ ਦੇ ਵੁਹਾਨ ਤੋਂ ਫੈਲੇ ਕੋਰੋਨਾ ਵਾਇਰਸ ਦੇ ਕਹਿਰ ਨੇ ਹੁਣ ਸਮੁੱਚੀ ਦੁਨੀਆ ਨੂੰ ਲਪੇਟ ਵਿਚ ਲੈ ਲਿਆ ਹੈ। ਇਹ ਅੰਕੜੇ ਐਨੀ ਤੇਜ਼ੀ ਨਾਲ ਵਧ ਰਹੇ ਹਨ ਕਿ ਹਰ ਤੀਜੇ ਦਿਨ ਮੌਤਾਂ ਦੀ ਗਿਣਤੀ ਦੁਗਣੇ ਤੋਂ ਵੀ ਵਧੇਰੇ ਹੋ ਰਹੀ ਹੈ। ਪੰਜਾਬ ‘ਚ ਕੋਰੋਨਾ ਵਾਇਰਸ ਦੇ ਹੁਣ ਤੱਕ 13 ਕੇਸ ਪਾਜ਼ੀਟਿਵ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ ਨਵਾਂ ਸ਼ਹਿਰ ਦੇ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ ਅਤੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਨਵਾਂ ਸ਼ਹਿਰ ਦੇ ਪਿੰਡ ਪਠਲਾਵਾ ਦਾ ਬਲਦੇਵ ਸਿੰਘ ਪੁੱਤਰ ਜਗਨ ਨਾਥ ਬੀਤੀ 6 ਮਾਰਚ ਨੂੰ ਜਰਮਨ ਵਾਇਆ ਇਟਲੀ 2 ਘੰਟੇ ਦੀ ਏਅਰ ਸਟੇਅ ਤੋਂ ਬਾਅਦ ਆਪਣੇ ਪਿੰਡ ਪੁੱਜਾ ਸੀ, ਜਿਸ ਤੋਂ ਬਾਅਦ ਬੀਮਾਰ ਹੋਣ ‘ਤੇ ਉਸ ਨੂੰ ਬੰਗਾ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਹੈ। ਨਵਾਂ ਸ਼ਹਿਰ ਦੇ ਵਿਦੇਸ਼ ਵਿਚੋਂ ਆਏ ਮ੍ਰਿਤਕ 70 ਸਾਲਾ ਬਲਦੇਵ ਸਿੰਘ ਦੇ ਸੰਪਰਕ ਵਿੱਚ ਆਏ 6 ਵਿਅਕਤੀਆਂ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਇਸ ਸਬੰਧੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੁਸ਼ਟੀ ਕੀਤੀ ਹੈ।
ਇਸ ਦੇ ਇਲਾਵਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚ ਹੁਸ਼ਿਆਰਪੁਰ ਵਾਸੀ ਨੂੰ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਹੈ, ਜਿੱਥੇ ਦੂਜੀ ਵਾਰ ਉਸ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਅੰਮ੍ਰਿਤਸਰ ‘ਚ ਅੱਜ ਇੱਕ ਹੋਰ ਮਰੀਜ਼ ਦੀ ਕੋਰੋਨਾ ਵਾਇਰਸ ਨਾਲ ਪੀੜਿਤ ਹੋਣ ਦੀ ਪੁਸ਼ਟੀ ਹੋਈ ਹੈ।ਅੰਮ੍ਰਿਤਸਰ ਦੇ ਗੁਰੂ ਕੀ ਵਡਾਲੀ ਦਾ ਰਹਿਣ ਵਾਲਾ 36 ਸਾਲਾ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਿਤ ਹੈ ਅਤੇ 19 ਮਾਰਚ ਨੂੰ ਦੁਬਈ ਤੋਂ ਆਇਆ ਸੀ। ਜਿਸ ਤੋਂ ਬਾਅਦ ਗੁਰੂ ਨਾਨਕ ਦੇਵ ਦੇ ਆਈਸੋਲੇਸ਼ਨ ਵਾਰਡ ‘ਚ ਲਿਆਂਦਾ ਗਿਆ ਸੀ।
ਮੋਹਾਲੀ ‘ਚ ਵੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 4 ਹੋ ਗਈ ਹੈ। ਮੋਹਾਲੀ ਦੇ ਫੇਜ਼-3 ਵਿੱਚ ਰਹਿਣ ਵਾਲੀ 69 ਸਾਲਾ ਔਰਤ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। ਉਹ ਬੀਤੇ ਦਿਨੀਂ ਯੂਕੇ ਤੋਂ ਪਰਤੀ ਸੀ। ਉਨ੍ਹਾਂ ਦੀ 73 ਸਾਲਾ ਭੈਣ ਵੀ ਕੋਰੋਨਾ ਤੋਂ ਪੀੜਤ ਪਾਈ ਗਈ ਹੈ। ਮੋਹਾਲੀ ਦੇ ਸੈਕਟਰ -69 ਦਾ 42 ਸਾਲਾ ਨਿਵਾਸੀ ਇੰਗਲੈਂਡ ਤੋਂ ਪਰਤਿਆ ਸੀ ਤੇ ਉਸ ਨੂੰ ਸੈਕਟਰ-16 ਚੰਡੀਗੜ੍ਹ ਦੇ ਸਰਕਾਰੀ ਮਲਟੀ ਸਪੈਸ਼ਿਐਲਿਟੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਹ ਵੀ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ। ਉਸ ਦੀ ਹਾਲਤ ਸਥਿਰ ਹੈ। ਮੋਹਾਲੀ ਦੀ ਹੀ ਰਹਿਣ ਵਾਲੀ ਇਕ ਕੁੜੀ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ।