Corona Virus
ਮਰੀਜ਼ਾਂ ਦੀ ਮਾਨਸਿਕ ਮਜ਼ਬੂਤੀ ਲਈ ਕਰਵਾਈ ਜਾ ਰਹੀ ਹੈ ਕਾਊਂਸਲਿੰਗ
ਕਪੂਰਥਲਾ, 2 ਮਈ : ਜ਼ਿਲ੍ਹੇ ਦੇ ਕੋਵਿਡ ਕੇਅਰ ਸੈਂਟਰਾਂ ਵਿਚ ਰਹਿ ਰਹੇ ਮਰੀਜ਼ਾਂ ਉਤੇ ਸਿਹਤ ਵਿਭਾਗ ਵੱਲੋਂ ਪੂਰੀ ਨਜ਼ਰ ਰੱਖੀ ਜਾ ਰਹੀ ਹੈ, ਤਾਂ ਜੋ ਉਹ ਸਿਹਤਮੰਦ ਰਹਿ ਸਕਣ। ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਸਵੇਰੇ-ਸ਼ਾਮ ਮਰੀਜ਼ਾਂ ਦਾ ਚੈਕਅੱਪ ਕਰਨ ਜਾਂਦੀਆਂ ਹਨ, ਤਾਂ ਜੋ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਜ਼ਿਲ੍ਹੇ ਵਿਚ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ, ਪਰ ਨਾਲ ਹੀ ਉਨ੍ਹਾਂ ਨੂੰ ਲੋਕਾਂ ਦੇ ਸਹਿਯੋਗ ਦੀ ਵੀ ਲੋੜ ਹੈ ਤਾਂ ਜੋ ਇਸ ਵਾਇਰਸ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਨੂੰ ਉਦੋਂ ਤੱਕ ਸੈਂਟਰਾਂ ਵਿੱਚ ਰੱਖਿਆ ਜਾਵੇਗਾ, ਜਦੋਂ ਤੱਕ ਇਨ੍ਹਾਂ ਦੀ ਰਿਪੋਰਟ ਨਹੀਂ ਆ ਜਾਂਦੀ। ਰਿਪੋਰਟ ਦੇ ਆਧਾਰ ’ਤੇ (ਪਾਜ਼ੇਟਿਵ ਜਾਂ ਨੈਗੇਟਿਵ) ਆਉਣ ਦੀ ਸੂਰਤ ਵਿੱਚ ਸਿਹਤ ਵਿਭਾਗ ਵੱਲੋਂ ਇਨ੍ਹਾਂ ਨੂੰ ਕਿਥੇ ਸ਼ਿਫਟ ਕਰਨਾ ਹੈ, ਇਸ ਦਾ ਫ਼ੈਸਲਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੋਵਿਡ ਕੇਅਰ ਸੈਂਟਰ ਵਿਚ ਰਹਿ ਰਹੇ ਮਰੀਜ਼ਾਂ ਦੇਖਾਣ-ਪੀਣ, ਸਾਫ਼-ਸਫ਼ਾਈ ਆਦਿ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।
ਡਾ. ਜਸਮੀਤ ਬਾਵਾ ਦਾ ਕਹਿਣਾ ਹੈ ਕਿ ਕਿਸੇ ਵੀ ਤਰਾਂ ਦੀ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਮਾਨਸਿਕ ਤੌਰ ’ਤੇ ਮਜ਼ਬੂਤ ਹੋਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਕੋਰੋਨਾ ਮਹਾਂਮਾਰੀ ਨੇ ਪੂਰੇ ਵਿਸ਼ਵ ਵਿਚ ਦਹਿਸ਼ਤ ਪਾਈ ਹੈ, ਅਜਿਹੇ ਹਾਲਾਤ ਵਿਚ ਲੋਕਾਂ ਅਤੇ ਮਰੀਜ਼ਾਂ ਵਿਚ ਡਰ ਦੀ ਸਥਿਤੀ ਅਤੇ ਗਲਤ ਧਾਰਨਾਵਾਂ ਦਾ ਪੈਦਾ ਹੋਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਡਰ ਤੇ ਗਲਤ ਧਾਰਨਾਵਾਂ ਮਰੀਜ਼ ਨੂੰ ਮਾਨਸਿਕ ਪੱਖ ਤੋਂ ਕਮਜ਼ੋਰ ਕਰਦੀਆਂ ਹਨ, ਜਿਹੜਾ ਕਿ ਉਨ੍ਹਾਂ ਦੇ ਤੰਦੁਰਸਤ ਹੋਣ ਵਿਚ ਵੀ ਵਿਘਨ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਸੈਂਟਰ ਵਿੱਚ ਰਹਿ ਰਹੇ ਮਰੀਜ਼ਾਂ ਵਿਚੋਂ ਡਰ ਖ਼ਤਮ ਕਰਨ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ ਉਤੇਮਜ਼ਬੂਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਲਈ ਸਿਹਤ ਵਿਭਾਗ ਤੋਂ ਕਾਊਂਸਲਿੰਗ ਵੀ ਕਰਵਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਾਊਂਸਲਿੰਗ ਸ਼ਮਿੰਦਰ ਕੌਰ ਤੇ ਰਾਕੇਸ਼ ਸ਼ਰਮਾ ਵੱਲੋਂ ਪੀ. ਟੀ. ਯੂ ਵਿਖੇ ਬਣੇ ਕੋਵਿਡ ਕੇਅਰ ਸੈਂਟਰ ਵਿਚ ਠਹਿਰੇ ਪੀ. ਏ. ਪੀ ਦੇ ਜਵਾਨਾਂ ਦੀ ਕਾਊਂਸਲਿੰਗ ਕੀਤੀ ਗਈ ਹੈ।