Corona Virus
ਦੇਸ਼ ਭਰ ਵਿੱਚ ਲੌਕਡਾਊਨ ਵਧਣ ਦੇ ਮੱਦੇਨਜ਼ਰ ਪੰਜਾਬ ਵਿੱਚ ਵੀ 3 ਮਈ ਤੱਕ ਰਹੇਗਾ ਕਰਫਿਊ, ਮੁੱਖ ਮੰਤਰੀ ਨੇ ਸਰਬ ਪਾਰਟੀ ਮੀਟਿੰਗ ਵਿੱਚ ਦਿੱਤੀ ਜਾਣਕਾਰੀ

ਚੰਡੀਗੜ, 14 ਅਪ੍ਰੈਲ : ਕੋਵਿਡ-19 ਕਾਰਨ ਪੈਦਾ ਹੋਏ ਹਾਲਾਤ ਦੀ ਗੰਭੀਰਤਾ ਦਾ ਹਵਾਲਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਦੇਸ਼ ਪੱਧਰ ਉਤੇ ਲੌਕਡਾਊਨ ਵਧਣ ਦੇ ਮੱਦੇਨਜ਼ਰ ਰਾਜ ਵਿੱਚ ਵੀ 3 ਮਈ ਤੱਕ ਮੁਕੰਮਲ ਕਰਫਿਊ/ਲੌਕਡਾਊਨ ਰਹੇਗਾ। ਉਨ੍ਹਾਂ ਰਾਜ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਨਾਲ ਹੀ ਭਰੋਸਾ ਦਿੱਤਾ ਕਿ ਕੋਵਿਡ-19 ਮਹਾਮਾਰੀ ਵਿਰੁੱਧ ਜੰਗ ਜਾਰੀ ਰੱਖਦਿਆਂ ਸੂਬਾ ਸਰਕਾਰ ਵੱਡੇ ਪੱਧਰ ਉਤੇ ਟੈਸਟਿੰਗ ਸਮੇਤ ਸਾਰੇ ਕਦਮ ਚੁੱਕੇਗੀ।
ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਇਸ ਮੁਸ਼ਕਲ ਦੀ ਘੜੀ ਵਿੱਚ ਸੂਬਾ ਸਰਕਾਰ ਦੀ ਹਮਾਇਤ ਵਿੱਚ ਆਉਣ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀਆਂ ਨੇ ਸਾਰੀਆਂ ਸਿਆਸੀ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਵਲਗਣਾਂ ਤੋਂ ਉਪਰ ਉੱਠ ਕੇ ਕੋਵਿਡ-19 ਖ਼ਿਲਾਫ਼ ਜੰਗ ਵਿੱਚ ਇਕਜੁੱਟਤਾ ਦਿਖਾਉਣ। ਉਨ੍ਹਾਂ ਕਿਹਾ ਕਿ ਮੌਜੂਦਾ ਸੰਕਟ ਨਾਲ ਪ੍ਰਭਾਵਸ਼ਾਲੀ ਤੇ ਸਮੁੱਚੇ ਰੂਪ ਨਾਲ ਨਜਿੱਠਣ ਲਈ ਸਾਰੀਆਂ ਧਿਰਾਂ ਦੇ ਸੁਝਾਵਾਂ ਉਤੇ ਸੂਬਾ ਸਰਕਾਰ ਸਰਗਰਮੀ ਨਾਲ ਵਿਚਾਰ ਕਰੇਗੀ।
ਕੋਵਿਡ-19 ਦੇ ਗੰਭੀਰ ਮੁੱਦੇ ਉਤੇ ਵਿਚਾਰ ਲਈ ਸਾਰੀਆਂ ਸਿਆਸੀ ਪਾਰਟੀਆਂ ਦੀ ਵੀਡੀਓ ਕਾਨਫਰੰਸਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਾਰਾ ਮੁਲਕ, ਦਰਅਸਰ ਸਮੁੱਚਾ ਵਿਸ਼ਵ ਮੁਸ਼ਕਲ ਸਮੇਂ ਵਿੱਚੋਂ ਲੰਘ ਰਿਹਾ ਹੈ ਅਤੇ ਪੰਜਾਬ ਦੀ ਸਥਿਤੀ ਵੀ ਬਾਕੀਆਂ ਨਾਲੋਂ ਵੱਖਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਲੌਕਡਾਊਨ ਨਾਲ ਹੁਣ ਤੱਕ ਇਸ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਮਿਲੀ ਹੈ ਅਤੇ ਮੌਜੂਦਾ ਸਮੇਂ ਸੂਬੇ ਵਿੱਚ ਇਸ ਬਿਮਾਰੀ ਦੇ ਪੀੜਤਾਂ ਦੀ ਗਿਣਤੀ ਦੇਸ਼ ਵਿੱਚੋਂ ਸਭ ਤੋਂ ਘੱਟ ਹੈ। ਮੈਡੀਕਲ ਮਾਹਿਰਾਂ ਵੱਲੋਂ ਦਿੱਤੇ ਸੁਝਾਅ ਅਨੁਸਾਰ ਪੰਜ ਹਫ਼ਤਿਆਂ ਦੇ ਲੌਕਡਾਊਨ ਨਾਲ ਸਥਿਤੀ ਵਿੱਚ ਸੁਧਾਰ ਹੋ ਸਕਦਾ ਹੈ, ਇਸਦਾ ਜ਼ਿਕਰ ਕਰਦਿਆਂ ਸੀਐਮ ਨੇ ਇਸ ਮਹਾਮਾਰੀ ਖ਼ਿਲਾਫ਼ ਜੰਗ ਵਿੱਚ ਜਿੱਤ ਲਈ ਸਾਰੀਆਂ ਕੋਸ਼ਿਸ਼ਾਂ ਕਰਨ ਦਾ ਭਰੋਸਾ ਦਿੱਤਾ।
ਮੀਟਿੰਗ ਦੌਰਾਨ ਵੱਖ ਵੱਖ ਸੁਝਾਵਾਂ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਸੁਝਾਵਾਂ ਉਤੇ ਵਿਸ਼ੇਸ਼ ਤਵੱਜੋ ਦਿੱਤੀ, ਖ਼ਾਸ ਤੌਰ ਉਤੇ ਕਾਮਿਆਂ ਨਾਲ ਸਬੰਧਤ ਸੁਝਾਵਾਂ ਉਤੇ, ਅਤੇ ਇਨ੍ਹਾਂ ਸਾਰਿਆਂ ਦੇ ਹੱਲ ਲਈ ਕਦਮ ਚੁੱਕੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਅਪੀਲ ਨੂੰ ਮੰਨਦਿਆਂ ਕੇਂਦਰ ਸਰਕਾਰ ਨੇ ਸਨਅਤਾਂ ਵਿੱਚ ਕੰਮ ਕਾਰ ਸ਼ੁਰੂ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ ਅਤੇ ਬਠਿੰਡਾ ਵਿੱਚ ਚਾਰ ਸਨਅਤਾਂ ਨੇ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀ, ਜਦੋਂ ਕਿ ਲੁਧਿਆਣਾ ਦੀਆਂ ਸਨਅਤਾਂ ਨੇ ਵੀ ਕੰਮ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਕਰਫਿਊ ਵਿੱਚੋਂ ਨਿਕਲਣ ਦੇ ਤਰੀਕੇ ਸੁਝਾਉਣ ਲਈ ਬਣਾਈ ਟਾਸਕ ਫੋਰਸ ਦਸ ਦਿਨਾਂ ਵਿੱਚ ਅਗਲੀ ਰਣਨੀਤੀ ਬਾਰੇ ਸਿਫ਼ਾਰਸ਼ਾਂ ਦੇਵੇਗੀ।
ਮੁੱਖ ਮੰਤਰੀ ਨੇ ਮੀਟਿੰਗ ਦੌਰਾਨ ਦੱਸਿਆ ਕਿ ਸੂਬਾ ਸਰਕਾਰ ਇਸ ਮਹਾਮਾਰੀ ਦੇ ਫੈਲਾਅ ਨੂੰ ਠੱਲਣ ਲਈ ਲਗਾਤਾਰ ਟੈਸਟਿੰਗ ਸਮਰੱਥਾ ਵਧਾ ਰਹੀ ਹੈ ਅਤੇ ਹੁਣ ਸੂਬੇ ਦੇ ਸਾਰੇ ਤਿੰਨ ਮੈਡੀਕਲ ਕਾਲਜ 1200 ਟੈਸਟ ਪ੍ਰਤੀ ਦਿਨ ਦੀ ਸਮਰੱਥਾ ਨਾਲ ਇਸ ਮਹਾਮਾਰੀ ਦੇ ਟਾਕਰੇ ਲਈ ਤਿਆਰ ਹਨ। ਪੀ.ਜੀ.ਆਈ. ਚੰਡੀਗੜ ਦੀ ਟੈਸਟਿੰਗ ਸਮਰੱਥਾ ਇਸ ਤੋਂ ਵੱਖ ਹੈ, ਜਦੋਂ ਦਿ ਲੁਧਿਆਣਾ ਦੀ ਡੀ.ਐਮ.ਸੀ. ਅਤੇ ਸੀ.ਐਮ.ਸੀ. ਨੂੰ ਟੈਸਟ ਕਰਨ ਦੀ ਪ੍ਰਵਾਨਗੀ ਦਾ ਇੰਤਜ਼ਾਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੂੰ ਵੱਡੇ ਪੱਧਰ ਉਤੇ ਟੈਸਟਿੰਗ (ਬੇਤਰਤੀਬੇ ਢੰਗ ਨਾਲ) ਕਰਨ ਦਾ ਭਰੋਸਾ ਦਿੱਤਾ, ਜੋ ਦੋ ਜ਼ਿਲਿਆਂ ਵਿੱਚ ਸ਼ੁਰੂ ਹੋ ਗਈ ਹੈ। ਇਸ ਨੂੰ ਸਾਰੇ ਜ਼ਿਲਿਆਂ ਅਤੇ ਪਿੰਡਾਂ ਤੱਕ ਵਧਾਇਆ ਜਾਵੇਗਾ।
ਸੀਐਮ ਨੇ ਇਸ ਲੜਾਈ ਦੇ ਮੋਹਰੀ ਕਾਮਿਆਂ ਦੀ ਸੁਰੱਖਿਆ ਲਈ ਸਾਰੇ ਕਦਮ ਚੁੱਕਣ ਦਾ ਭਰੋਸਾ ਦਿੰਦਿਆਂ ਆਖਿਆ ਕਿ ਸਾਰਿਆਂ ਨੂੰ ਪੀ.ਪੀ.ਈ. ਕਿੱਟਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ।