Connect with us

National

ਅੱਜ ਅੱਧੀ ਰਾਤ ਨੂੰ ਦਸਤਕ ਦੇਵੇਗਾ ਚੱਕਰਵਤੀ ਤੂਫਾਨ ‘ਰੇਮਲ’

Published

on

ਭਾਰਤ ਦੇ ਮੌਸਮ ਵਿਭਾਗ ਨੇ ਅੱਜ ਭਾਰੀ ਮੀਂਹ ਪੈਣ ਅਤੇ ਹਨੇਰੀ-ਝੱਖੜ ਦੇ ਆਉਣ ਦੀ ਸੰਭਾਵਨਾ ਦੱਸੀ ਹੈ, ਜੋ ਕਿ ਚੱਕਰਵਤੀ ਤੂਫਾਨ ‘ਰੇਮਲ’ ਦਾ ਰੂਪ ਵਿੱਚ ਦਸਤਕ ਦੇਵੇਗਾ। ਇਸ ਦੌਰਾਨ 110-120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਅਲਰਟ ਜਾਰੀ ਕਰਦਿਆਂ ਹੋਇਆ ਮੌਸਮ ਵਿਭਾਗ ਵੱਲ਼ੋਂ ਲੋਕਾਂ ਨੂੰ ਵੀ ਸੁਚੇਤ ਕੀਤਾ ਗਿਆ ਹੈ।

ਕੀ ਹੈ ਚੱਕਰਵਤੀ ਤੂਫਾਨ ‘ਰੇਮਲ’ ?
ਪਿਛਲੇ ਕੁੱਝ ਦਿਨਾਂ ਤੋਂ ਬੰਗਾਲ ਦੀ ਖਾੜੀ ‘ਤੇ ਡੂੰਘਾ ਦਬਾਅ ਵਾਲਾ ਸਿਸਟਮ ਬਣਿਆ ਹੋਇਆ ਸੀ, ਜੋ ਕਿ ਹੁਣ ਚੱਕਰਵਾਤੀ ਤੂਫ਼ਾਨ ਵਿੱਚ ਬਦਲ ਗਿਆ ਹੈ। ਇਹ ਚੱਕਰਵਤੀ ਤੂਫਾਨ ਨੂੰ ਰੇਮਲ ਦਾ ਨਾਂ ਦਿੱਤਾ ਗਿਆ ਹੈ, ਜੋ ਅੱਜ ਰਾਤ ਨੂੰ ਬੰਗਲਾਦੇਸ਼ ਅਤੇ ਪੱਛਮੀ ਬੰਗਾਲ ਦੇ ਤੱਟਾਂ ਨਾਲ ਟਕਰਾ ਸਕਦਾ ਹੈ, ਭਾਵ ਕਿ ਚੱਕਰਵਤੀ ਤੂਫਾਨ ਇੱਥੇ ਦਸਤਕ ਦੇਵੇਗਾ ਤੇ ਫਿਰ ਹੌਲੀ-ਹੌਲੀ ਅੱਗੇ ਵਧੇਗਾ। ਚੱਕਰਵਤੀ ਤੂਫਾਨ ਦੇ ਟਕਰਾਉਣ ਨਾਲ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣਗੀਆਂ।

ਭਾਰਤੀ ਮੌਸਮ ਵਿਭਾਗ ਦੀ ਭਵਿੱਖਬਾਣੀ
ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ) ਨੇ ਭਵਿੱਖਬਾਣੀ ਕਰਦਿਆਂ ਦੱਸਿਆ ਸੀ ਕਿ 26-27 ਮਈ ਨੂੰ ਪੱਛਮੀ ਬੰਗਾਲ ਅਤੇ ਉੱਤਰੀ ਉੜੀਸਾ ਦੇ ਤੱਟਵਰਤੀ ਜ਼ਿਲ੍ਹਿਆਂ ਵਿੱਚ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 27-28 ਮਈ ਨੂੰ ਉੱਤਰ-ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਬਹੁਤ ਭਾਰੀ ਬਾਰਿਸ਼ ਹੋਣ ਦਾ ਖਦਸ਼ਾ ਜਤਾਇਆ ਹੈ।

ਕਿਹੜੀਆਂ ਥਾਵਾਂ ‘ਤੇ ਜਾਰੀ ਕੀਤਾ ਗਿਆ ਅਲਰਟ
ਮੌਸਮ ਵਿਭਾਗ ਨੇ ਦੱਸਿਆ ਹੈ ਕਿ ਚੱਕਰਵਤੀ ਤੂਫਾਨ ਰੇਮਲ ਕਾਫੀ ਭਾਰੀ ਤਬਾਹੀ ਮਚਾ ਸਕਦਾ ਹੈ। ਇਸ ਦਾ ਸਭ ਤੋਂ ਪਹਿਲਾਂ ਬੰਗਲਾਦੇਸ਼ ਅਤੇ ਪੱਛਮੀ ਬੰਗਾਲ ਵਿੱਚ ਅਸਰ ਦੇਖਣ ਨੂੰ ਮਿਲੇਗਾ। ਇਸ ਲਈ ਮੌਸਮ ਵਿਭਾਗ ਵੱਲੋਂ ਪੱਛਮੀ ਬੰਗਾਲ ਦੇ ਦੱਖਣੀ ਅਤੇ ਉੱਤਰੀ 24 ਪਰਗਨਾ ਦੇ ਤੱਟਵਰਤੀ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ, ਜਿੱਥੇ 26 ਅਤੇ 27 ਮਈ ਨੂੰ ਤੇਜ਼ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ। ਕੋਲਕਾਤਾ, ਹਾਵੜਾ, ਨਦੀਆ ਅਤੇ ਪੂਰਬਾ ਮੇਦਿਨੀਪੁਰ ਜ਼ਿਲ੍ਹਿਆਂ ਵਿੱਚ 80-90 ਕਿਲੋਮੀਟਰ ਪ੍ਰਤੀ ਘੰਟਾ ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤੋਂ ਇਲਾਵਾ 25 ਮਈ ਨੂੰ ਪੂਰਬਾ ਮੇਦਿਨੀਪੁਰ ਵਿੱਚ ਵੀ ਭਾਰੀ ਬਾਰਿਸ਼ ਹੋਣ ਦਾ ਖ਼ਦਸ਼ਾ ਜਤਾਇਆ ਸੀ।

ਲੋਕਾਂ ਨੂੰ ਸੁਚੇਤ ਰਹਿਣ ਦੀ ਚਿਤਾਵਨੀ ਦਿੱਤੀ-
ਇਸ ਤੂਫਾਨ ਦੌਰਾਨ ਤੇਜ਼ ਲਹਿਰਾਂ ਨਾਲ ਸਮੁੰਦਰ ਦਾ ਪਾਣੀ ਓਵਰਫਲੋ ਹੋਣ ਕਾਰਨ ਬੰਨ੍ਹ ਟੁੱਟਣ ਦਾ ਖ਼ਤਰਾ ਹੈ। ਲੈਂਡਫਾਲ ਵੀ ਹੋ ਸਕਦਾ ਹੈ। ਮੌਸਮ ਵਿਭਾਗ ਨੇ ਮਛੇਰਿਆਂ ਨੂੰ ਬੰਗਾਲ ਦੀ ਖਾੜੀ ਵਿੱਚ ਨਾ ਜਾਣ ਦੀ ਚਿਤਾਵਨੀ ਦਿੱਤੀ ਹੈ। ਕਿਉਂਕਿ ਚੱਕਰਵਤੀ ਤੂਫਾਨ ਕਾਰਨ ਤੱਟਵਰਤੀ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਦੇ ਨੀਵੇਂ ਖੇਤਰ ਪਾਣੀ ‘ਚ ਡੁੱਬ ਸਕਦੇ ਹਨ। ਇਸ ਲਈ NDRF ਟੀਮਾਂ ਨੂੰ ਸਾਵਧਾਨੀ ਦੇ ਤੌਰ ‘ਤੇ ਉਨ੍ਹਾਂ ਇਲਾਕਿਆਂ ‘ਚ ਤਾਇਨਾਤ ਕੀਤਾ ਗਿਆ ਹੈ ਜਿੱਥੇ ਤੂਫਾਨ ਦਾ ਪ੍ਰਭਾਵ ਜ਼ਿਆਦਾ ਦਿਖਾਈ ਦੇ ਸਕਦਾ ਹੈ। ਫਿਲਹਾਲ ਫੌਜ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਬੰਗਲਾਦੇਸ਼ ਵਿੱਚ ਰਾਹਤ ਕੈਂਪ ਅਤੇ ਭੋਜਨ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।

 

(ਸਟੋਰੀ- ਇਕਬਾਲ ਕੌਰ, ਵਰਲਡ ਪੰਜਾਬੀ)