Punjab
ਕੈਨੇਡਾ ‘ਚ ਮਰੀ 21 ਸਾਲਾ ਕੁੜੀ ਦੀ ਜੱਦੀ ਪਿੰਡ ਪਹੁੰਚੀ ਮ੍ਰਿਤਕ ਦੇਹ, ਕਰਜ਼ਾ ਚੁੱਕ ਮਾਪਿਆਂ ਨੇ ਭੇਜੀ ਸੀ ਵਿਦੇਸ਼
ਕਿੰਨੇ ਲਾਡਾਂ-ਚਾਵਾਂ ਨਾਲ ਪਾਲੀ ਧੀ, ਜਿਸ ਨੇ ਆਪਣੇ ਸੁਨਹਿਰੀ ਸੁਪਨਿਆਂ ਨੂੰ ਖੰਭ ਲਾਉਣ ਲਈ ਅਜਿਹੀ ਜਿੱਦ ਫੜੀ ਕਿ ਜਿਸਨੂੰ ਮਾਪੇ ਵੀ ਟਾਲ ਨਹੀਂ ਸਕੇ। ਅਖੀਰ ਸ਼ਗਨਾਂ-ਮਲਾਰਾਂ ਨਾਲ ਮਾਪਿਆਂ ਨੇ ਆਪਣੀ ਲਾਡਲੀ ਨੂੰ ਕੈਨੇਡਾ ਤਾਂ ਭੇਜ ਦਿੱਤਾ ਪਰ ਅਖੀਰ ਉੱਥੇ ਅਜਿਹਾ ਵਾਪਰਿਆ, ਜਿਸ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਦੱਸ ਦੇਈਏ ਕਿ ਜਿਹੜੀ ਤਾਰੀਕ ਨੂੰ ਧੀ ਵਿਦੇਸ਼ ਤੋਰੀ, ਅੱਜ ਇਕ ਸਾਲ ਬਾਅਦ ਉਸੇ ਤਾਰੀਕ ਨੂੰ ਹੀ ਤਾਬੂਤ ‘ਚ ਬੰਦ ਹੋ ਉਸ ਦੀ ਲਾਸ਼ ਘਰ ਮੁੜੀ, ਜਿਸ ਨੂੰ ਦੇਖ ਕੇ ਮਾਪਿਆਂ ਦੀਆਂ ਧਾਹਾਂ ਨਿਕਲ ਗਈਆਂ। ਇਹ ਖਬਰ ਗੁਰਦਾਸਪੁਰ ਦੇ ਪਿੰਡ ਸੁੱਖਾ ਚਿੱੜਾ ਦੀ ਹੈ, ਜਿੱਥੋ ਦੀ ਰਹਿਣ ਵਾਲੀ ਕੋਮਲ ਦੀ ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਖ਼ਬਰ ਮਿਲੀ ਸੀ।
ਦੱਸਣਯੋਗ ਹੈ ਕਿ ਬੀਤੇ ਜੁਲਾਈ ਮਹੀਨੇ ‘ਚ ਕੈਨੇਡਾ ਦੇ ਸ਼ਹਿਰ ਬਰੈਂਪਟਨ ਨੇੜੇ ਇੱਕ ਸੜਕ ਹਾਦਸਾ ਵਾਪਰਿਆ ਸੀ, ਜਿਸ ਵਿੱਚ ਗੁਰਦਾਸਪੁਰ ਦੇ ਪਿੰਡ ਸੁੱਖਾ ਚਿੱੜਾ ਦੀ 21 ਸਾਲਾਂ ਲੜਕੀ ਲਖਵਿੰਦਰ ਕੌਰ ਉਰਫ ਕੋਮਲ ਦੀ ਮੌਤ ਹੋ ਗਈ ਸੀ ਅੱਜ ਮ੍ਰਿਤਕ ਲਖਵਿੰਦਰ ਕੌਰ ਦੀ ਦੇਹ ਉਸ ਦੇ ਜੱਦੀ ਪਿੰਡ ਸੁੱਖਾ ਚਿੱੜਾ ‘ਚ ਪੁਹੰਚੀ, ਤਾਬੂਤ ‘ਚ ਬੰਦ ਧੀ ਦੀ ਲਾਸ਼ ਵੇਖ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਸੀ, ਉਥੇ ਹੀ ਇਸ ਸਮੇਂ ਪਹੁੰਚੇ ਰਿਸ਼ਤੇਦਾਰਾਂ ਅਤੇ ਪਿੰਡਵਾਸੀਆਂ ਦੀਆਂ ਅੱਖਾਂ ਵੀ ਨਮ ਸਨ। ਇਲਾਕੇ ਭਰ ਤੋਂ ਲੋਕ ਵੀ ਇਸ ਦੁੱਖ ਦੀ ਘੜੀ ‘ਚ ਪਰਿਵਾਰ ਦੇ ਨਾਲ ਖੜੇ ਹੋਏ ਸਨ।
ਲਾਡਲੀ ਧੀ ਦੇ ਅੰਤਿਮ ਸਸਕਾਰ ਵੇਲੇ ਰੋਂਦੇ ਕਰਲਾਉਂਦੇ ਮਾਂ-ਪਿਓ ਨੇ ਦੱਸਿਆ ਕਿ ਅਸੀਂ ਤਾਂ ਧੀ ਨੂੰ ਚੰਗੇ ਭਵਿੱਖ ਲਈ ਕਰਜ਼ਾ ਚੁੱਕ ਕੈਨੇਡਾ ਭੇਜਿਆ ਸੀ ਪਰ ਪਤਾ ਨਹੀਂ ਸੀ ਕਿ ਇਹ ਅਣਹੋਣੀ ਵਾਪਰ ਜਾਣੀ ਹੈ। ਇੱਥੇ ਦੱਸ ਦੇਈਏ ਕਿ ਮ੍ਰਿਤਕਾ ਦੇ ਪਿਤਾ ਨੇ ਕਰਜ਼ਾ ਚੁੱਕ ਕੇ ਪਿਛਲੇ ਸਾਲ 2023 ਨੂੰ ਆਪਣੀ ਧੀ ਕੋਮਲ ਨੂੰ ਸ਼ਗਨ ਮਨਾ ਕੇ ਕੈਨੇਡਾ ਤੋਰਿਆ ਸੀ ਅਤੇ ਜਿੱਥੇ ਉਹ 2 ਸਤੰਬਰ ਨੂੰ ਪਹੁੰਚੀ ਸੀ ਪਰ ਅੱਜ ਇਕ ਸਾਲ ਬਾਅਦ 2 ਸਤੰਬਰ ਨੂੰ ਧੀ ਡੱਬੇ ਚ ਬੰਦ ਹੋ ਵਾਪਸ ਆਈ ਹੈ ਇਹ ਉਹਨਾਂ ਲਈ ਐਸਾ ਦੁੱਖ ਹੈ ਜੋ ਕਦੇ ਉਹਨਾਂ ਸੋਚਿਆ ਹੀ ਨਹੀਂ ਸੀ ।
ਉਥੇ ਹੀ ਮ੍ਰਿਤਕਾ ਦੇ ਚਾਚਾ ਦਾ ਕਹਿਣਾ ਸੀ ਕੋਮਲ ਅਤੇ ਉਸ ਦੇ ਨਾਲ ਹੋਰ ਲੜਕੀਆਂ ਵੀ ਸਨ ਜੋ ਗੱਡੀ ‘ਤੇ ਸਵਾਰ ਸਨ ਅਤੇ ਗੱਡੀ ਕੰਟਰੋਲ ਤੋਂ ਬਾਹਰ ਹੋ ਕੇ ਦਰੱਖਤ ਨਾਲ ਟਕਰਾ ਗਈ ਜਿਸ ਕਾਰਨ ਸੜਕ ਹਾਦਸਾ ਵਾਪਰਿਆ ਸੀ। ਇਸ ਹਾਦਸੇ ਦੌਰਾਨ ਉਨ੍ਹਾਂ ਦੀ ਭਤੀਜੀ ਲਖਵਿੰਦਰ ਕੌਰ ਕੋਮਲ ਸਮੇਤ ਤਿੰਨ ਕੁੜੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ।