International
ਨਾਈਜੀਰੀਆ ‘ਚ ਭਿਆਨਕ ਬੰਬ ਧਮਾਕਾ, 50 ਤੋਂ ਵੱਧ ਲੋਕਾਂ ਦੀ ਮੌਤ, ਕਈ ਗੰਭੀਰ ਜ਼ਖ਼ਮੀ

ਮੱਧ ਨਾਈਜੀਰੀਆ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ , ਜਿਥੇ ਹੋਏ ਇੱਕ ਭਿਆਨਕ ਬੰਬ ਧਮਾਕੇ ‘ਚ 50 ਤੋਂ ਵੱਧ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਦੱਸੀ ਜਾ ਰਹੀ ਹੈ। ਜਦਕਿ ਕਈ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਇਹ ਖੇਤਰ ਪਹਿਲਾਂ ਹੀ ਨਸਲੀ ਅਤੇ ਧਾਰਮਿਕ ਤਣਾਅ ਲਈ ਜਾਣਿਆ ਜਾਂਦਾ ਹੈ। ਇਹ ਘਟਨਾ ਉੱਤਰੀ ਮੱਧ ਨਾਈਜੀਰੀਆ ਦੇ ਨਸਾਰਾਵਾ ਅਤੇ ਬੇਨੂ ਰਾਜਾਂ ਵਿਚਕਾਰ ਮੰਗਲਵਾਰ ਰਾਤ ਨੂੰ ਵਾਪਰੀ। ਰਾਇਟਰਜ਼ ਅਨੁਸਾਰ, ਮੱਧ ਬੈਲਟ ਵਜੋਂ ਜਾਣੇ ਜਾਂਦੇ ਮੱਧ ਨਾਈਜੀਰੀਆ ਵਿੱਚ ਨਸਲੀ ਬਦਲੇ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਬੰਬ ਧਮਾਕੇ ਵਿਚ 27 ਚਰਵਾਹਿਆਂ ਦੀ ਮੌਤ ਹੋ ਗਈ ਸੀ। ਪਰ ਰਾਇਟਰਜ਼ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੰਬ ਧਮਾਕੇ ਵਿਚ 54 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋ ਗਏ.
ਉਥੇ ਹੀ ਇਸ ਘਟਨਾ ਬਾਰੇ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬੰਬ ਧਮਾਕੇ ਵਿੱਚ ਕੌਣ ਸ਼ਾਮਲ ਹੈ। ਸੁਰੱਖਿਆ ਏਜੰਸੀਆਂ ਦੀਆਂ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ। ਅਧਿਕਾਰੀ ਘਟਨਾ ਤੋਂ ਬਾਅਦ ਸਥਾਨਕ ਪੱਧਰ ‘ਤੇ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਇਲਾਕੇ ‘ਚ ਬੰਬ ਧਮਾਕਾ ਹੋਇਆ ਹੈ, ਉਸ ਇਲਾਕੇ ਤੋਂ ਹਮੇਸ਼ਾ ਹਿੰਸਾ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਬਹੁਤ ਦਰਦਨਾਕ ਸੀ। ਇਸ ਵਿਚ ਕਈ ਲੋਕ ਜ਼ਿੰਦਾ ਸੜ ਗਏ ਸਨ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਫਿਲਹਾਲ ਸੁਰੱਖਿਆ ਏਜੰਸੀਆਂ ਬੰਬ ਧਮਾਕੇ ਦੀ ਜਾਂਚ ‘ਚ ਜੁਟੀਆਂ ਹੋਈਆਂ ਹਨ।