National
ਦਿੱਲੀ ਟ੍ਰੈਫਿਕ ਪੁਲਿਸ ਨੇ ਹੋਲੀ ਦੇ ਤਿਉਹਾਰ ਦੌਰਾਨ ਜਾਰੀ ਕੀਤੀ ਐਡਵਾਈਜ਼ਰੀ
DELHI TRAFFIC ADVISORY: ਦਿੱਲੀ ਟ੍ਰੈਫਿਕ ਪੁਲਿਸ ਨੇ ਹੋਲੀ ‘ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਲਾਲ ਬੱਤੀ ਰੋਕਣ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਮੁੱਖ ਸੜਕਾਂ ਦੇ ਚੌਰਾਹਿਆਂ ‘ਤੇ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਹਨ। ਡਿਪਟੀ ਕਮਿਸ਼ਨਰ ਆਫ ਪੁਲਿਸ (ਨਵੀਂ ਦਿੱਲੀ ਟਰੈਫਿਕ) ਪ੍ਰਸ਼ਾਂਤ ਗੌਤਮ ਨੇ ਕਿਹਾ ਕਿ ਰੰਗਾਂ ਦੇ ਤਿਉਹਾਰ ਨੂੰ ਸੁਰੱਖਿਅਤ ਅਤੇ ਸ਼ਾਂਤੀਪੂਰਵਕ ਮਨਾਇਆ ਜਾ ਸਕੇ, ਇਸ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। “ਨਵੀਂ ਦਿੱਲੀ ਰੇਂਜ ਦੇ 61 ਟ੍ਰੈਫਿਕ ਪੁਆਇੰਟਾਂ ‘ਤੇ ਲਗਭਗ 400 ਟ੍ਰੈਫਿਕ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ ਸਥਾਨਕ ਪੁਲਿਸ ਨਾਲ ਲਗਭਗ 40 ਸੰਯੁਕਤ ਪੈਕਟ ਸਥਾਪਤ ਕੀਤੇ ਗਏ ਹਨ|
ਪ੍ਰਸ਼ਾਂਤ ਗੌਤਮ ਨੇ ਕਿਹਾ, “ਟ੍ਰੈਫਿਕ ਨੂੰ ਨਿਯੰਤਰਿਤ ਕਰਨ ਦੇ ਨਾਲ-ਨਾਲ, ਸ਼ਰਾਬ ਪੀ ਕੇ ਡਰਾਈਵਿੰਗ, ‘ਟ੍ਰਿਪਲ ਰਾਈਡਿੰਗ’ (ਦੋ ਪਹੀਆ ਵਾਹਨ ‘ਤੇ ਤਿੰਨ ਵਿਅਕਤੀ ਬੈਠਣ), ਬਿਨਾਂ ਹੈਲਮੇਟ ਅਤੇ ਸੀਟ ਬੈਲਟ ਤੋਂ ਬਿਨਾਂ ਗੱਡੀ ਚਲਾਉਣ ‘ਤੇ ਵੀ ਧਿਆਨ ਦਿੱਤਾ ਜਾਵੇਗਾ। ਪੁਲਿਸ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਤੇਜ਼ ਰਫ਼ਤਾਰ, ‘ਟ੍ਰਿਪਲ ਰਾਈਡਿੰਗ’ ਅਤੇ ‘ਜ਼ਿਗ-ਜ਼ੈਗ’ ਡਰਾਈਵਿੰਗ ਸਮੇਤ ਉਲੰਘਣਾਵਾਂ ‘ਤੇ ਸਖ਼ਤ ਨਜ਼ਰ ਰੱਖੀ ਜਾਵੇਗੀ। ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਹੋਲੀ ‘ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਫੜਨ ਅਤੇ ਉਨ੍ਹਾਂ ਖਿਲਾਫ ਕਾਰਵਾਈ ਕਰਨ ਲਈ ਵਿਸ਼ੇਸ਼ ਜਾਂਚ ਟੀਮਾਂ ਨੂੰ ਮੁੱਖ ਚੌਰਾਹਿਆਂ ਅਤੇ ਸੰਵੇਦਨਸ਼ੀਲ ਥਾਵਾਂ ‘ਤੇ ਤਾਇਨਾਤ ਕੀਤਾ ਜਾਵੇਗਾ।
ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਇਹ ਵਿਸ਼ੇਸ਼ ਟਰੈਫਿਕ ਪੁਲਿਸ ਜਾਂਚ ਟੀਮਾਂ ਪੀਸੀਆਰ ਵੈਨਾਂ ਅਤੇ ਸਥਾਨਕ ਪੁਲਿਸ ਦੇ ਨਾਲ ਦਿੱਲੀ ਦੀਆਂ ਵੱਖ-ਵੱਖ ਸੜਕਾਂ ‘ਤੇ ਤਾਇਨਾਤ ਰਹਿਣਗੀਆਂ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਲਾਲ ਬੱਤੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨਗੀਆਂ। ਪੁਲਿਸ ਨੇ ਸੜਕ ਸੁਰੱਖਿਆ ‘ਤੇ ਸੁਪਰੀਮ ਕੋਰਟ ਦੀ ਕਮੇਟੀ ਦੇ ਨਿਰਦੇਸ਼ਾਂ ਦਾ ਵੀ ਹਵਾਲਾ ਦਿੱਤਾ, ਜਿਸ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਣ ਲਈ ਡਰਾਈਵਿੰਗ ਲਾਇਸੈਂਸ ਜ਼ਬਤ ਅਤੇ ਮੁਅੱਤਲ ਕਰਨ, ਲਾਲ ਬੱਤੀਆਂ ‘ਤੇ ਰੁਕਣ ਦੀ ਉਲੰਘਣਾ, ਡਰਾਈਵਿੰਗ ਕਰਦੇ ਸਮੇਂ ਫੋਨ ਦੀ ਵਰਤੋਂ ਅਤੇ ਖਤਰਨਾਕ ਡਰਾਈਵਿੰਗ ਲਈ ਮੁਅੱਤਲ ਕਰਨ ਦੀ ਵਿਵਸਥਾ ਹੈ।
ਪੁਲਿਸ ਨੇ ਲੋਕਾਂ ਨੂੰ ਦੋਪਹੀਆ ਵਾਹਨਾਂ ‘ਤੇ ਸਟੰਟ ਨਾ ਕਰਨ ਅਤੇ ਜਨਤਕ ਥਾਵਾਂ ਅਤੇ ਸੜਕਾਂ ਦੀ ਬਜਾਏ ਘਰਾਂ ਵਿੱਚ ਹੋਲੀ ਮਨਾਉਣ ਦੀ ਸਲਾਹ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਸੋਮਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਲਾ ਮੁਹੱਲਾ ਮਨਾਏ ਜਾਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਸਕਦੀ ਹੈ। ਇਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਪੁਲਿਸ ਨੇ ਦੱਸਿਆ ਕਿ ਸਮਾਗਮ ਦੇ ਮੱਦੇਨਜ਼ਰ ਮਥੁਰਾ ਰੋਡ, ਭਾਰਤ ਸਕਾਊਟਸ ਐਂਡ ਗਾਈਡਸ ਮਾਰਗ, ਨੀਲਾ ਗੁੰਬਦ, ਓਬਰਾਏ ਫਲਾਈਓਵਰ ਅਤੇ ਇਸ ਦੇ ਆਲੇ-ਦੁਆਲੇ ਲੋਧੀ ਫਲਾਈਓਵਰ, ਜ਼ਾਕਿਰ ਹੁਸੈਨ ਮਾਰਗ ਅਤੇ ਲਾਲਾ ਲਾਜਪਤ ਰਾਏ ਮਾਰਗ ‘ਤੇ ਭਾਰੀ ਵਾਹਨਾਂ ਦੀ ਆਵਾਜਾਈ ਦੀ ਸੰਭਾਵਨਾ ਹੈ।