Connect with us

Punjab

ਖੇਤੀਬਾੜੀ ਅਤੇ ਸਹਿਕਾਰਤਾ ਵਿਭਾਗ ਨੇ ਪਰਾਲੀ ਦੀ ਸੰਭਾਲ ਸਬੰਧੀ ਕੈਂਪ ਲਗਾਇਆ

Published

on

ਪਟਿਆਲਾ:

ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਅਵਨਿੰਦਰ ਸਿੰਘ ਮਾਨ ਖੇਤੀਬਾੜੀ ਅਫ਼ਸਰ ਦੀ ਅਗਵਾਈ ਹੇਠ ਪਿੰਡ ਜਨਹੇੜੀਆਂ ਦੀ ਸਹਿਕਾਰੀ ਸਭਾ ਵਿਖੇ ਪਰਾਲੀ ਦੀ ਸਾਂਭ ਸੰਭਾਲ ਅਤੇ ਝੋਨੇ ਦੀ ਕਾਸ਼ਤ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।

ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਸਥਾਰ ਅਫ਼ਸਰ, ਡਾ. ਰਵਿੰਦਰਪਾਲ ਸਿੰਘ ਚੱਠਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਆਪਣੇ ਝੋਨੇ ਦੀ ਕਟਾਈ ਸੁਪਰ ਐਸ.ਐਮ.ਐਸ ਲੱਗੀ ਕੰਬਾਇਨ ਨਾਲ ਹੀ ਕਰਨ ਤਾਂ ਜੋ ਪਰਾਲੀ ਨੂੰ ਖੇਤਾਂ ਵਿਚ ਖਿਲਾਰਿਆ ਜਾ ਸਕੇ। ਸੈਨਿਕ ਸੁੰਡੀ/ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਅ ਲਈ ਡਾ. ਚੱਠਾ ਨੇ ਦੱਸਿਆ ਕਿ ਕਿਸਾਨ 400 ਐਮ.ਐਲ ਐਕਾਲੈਕਸ 25 ਈ.ਸੀ. ਜਾਂ 1 ਲੀਟਰ ਕਲੋਰੋਪਾਇਰੀਫਾਸ 20 ਕਿਲੋ ਮਿੱਟੀ ਵਿਚ ਰਲਾ ਕੇ ਛਿੱਟਾ ਦੇ ਸਕਦੇ ਹਨ। ਗੁੱਲੀ ਡੰਡੇ ਦੀ ਸਮੱਸਿਆ ਨੂੰ ਘੱਟ ਕਰਨ ਲਈ ਕਿਸਾਨ ਅੱਧਾ ਲੀਟਰ ਗਰਾਮੈਕਸੋਨ ਜਾਂ ਸਟੌਂਪ 1.5 ਲੀਟਰ 200 ਲੀਟਰ ਪਾਣੀ ਵਿਚ ਮਿਲਾ ਕੇ ਸਪਰੇਅ ਕਰ ਸਕਦੇ ਹਨ।

ਚੂਹਿਆਂ ਦੀ ਸਮੱਸਿਆ ਤੋਂ ਬਚਣ ਲਈ ਜਿੰਕ ਫਾਸਫਾਇਡ ਦਾ ਚੋਗ ਬਣਾਉਣ ਲਈ 1 ਕਿਲੋ ਜਵਾਰ ਜਾਂ ਬਾਜਰਾ ਜਾਂ ਕਣਕ ਦੇ ਦਰੜ ਵਿਚ 20 ਗ੍ਰਾਮ ਖਾਣ ਵਾਲਾ ਤੇਲ, 20 ਗ੍ਰਾਮ ਪੀਸੀ ਖੰਡ ਅਤੇ 25 ਗ੍ਰਾਮ ਜਿੰਕ ਫਾਸਫਾਇਡ ਦਾ ਪਾਊਡਰ ਚੰਗੀ ਤਰ੍ਹਾਂ ਰਲਾ ਕੇ ਵਰਤਿਆ ਜਾ ਸਕਦਾ ਹੈ। ਕਿਸਾਨਾਂ ਨੂੰ 1 ਏਕੜ ਵਿਚ 2-3 ਕਿਆਰੇ ਪਾਉਣੇ ਚਾਹੀਦੇ ਹਨ ਤਾਂ ਜੋ ਪਰਾਲੀ ਵਾਲੇ ਖੇਤਾਂ ਵਿਚ ਪਾਣੀ ਜ਼ਿਆਦਾ ਹੋਣ ਕਾਰਨ ਕਣਕ ਪੀਲੀ ਨਾ ਪਵੇ।

ਇਸ ਕੈਂਪ ਵਿਚ ਸਹਿਕਾਰੀ ਸਭਾ ਜਨਹੇੜੀਆਂ ਦੇ ਪ੍ਰਧਾਨ ਹਰਜਿੰਦਰ ਸਿੰਘ ਚੀਮਾ, ਸੋਹਨ ਸਿੰਘ ਮੀਤ ਪ੍ਰਧਾਨ, ਨੰਬਰਦਾਰ ਅਤੇ ਅਗਾਂਹਵਧੂ ਕਿਸਾਨ ਅਤੇ ਏ.ਟੀ.ਐਮ ਕਮਲਦੀਪ ਸਿੰਘ ਸ਼ਾਮਲ ਸਨ।