Connect with us

Punjab

ਡਿਪਟੀ ਕਮਿਸ਼ਨਰ ਵਲੋਂ ਡੋਰ-ਟੂ-ਡੋਰ ਟੀਕਾਕਰਨ ਕਰਨ ਲਈ ਸਿਹਤ ਵਿਭਾਗ ਨੂੰ ਹਦਾਇਤਾਂ ਜਾਰੀ

Published

on

ਪਟਿਆਲਾ: ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਨਾਲ ਮਿਲਕੇ ਕੋਵਿਡ ਦੀ ਲਾਗ ਤੋਂ ਬਚਾਅ ਲਈ 100 ਫ਼ੀਸਦੀ ਟੀਕਾਕਰਨ ਲਈ ਇਕ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਡੋਰ-ਟੂ-ਡੋਰ ਜਾ ਕੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ।

ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਐਕਸਲ ਸੀਟ ਤਿਆਰ ਕੀਤੀ ਗਈ ਹੈ, ਜਿਸ ‘ਤੇ ਲੋਕਾਂ ਵੱਲੋਂ ਜਾਣਕਾਰੀ ਭਰਕੇ ਸਿਹਤ ਵਿਭਾਗ ਨੂੰ ਈ-ਮੇਲ ਕੀਤੀ ਜਾ ਸਕਦੀ ਹੈ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਰਾਬਤਾ ਕਰਕੇ ਨਿਸ਼ਚਿਤ ਕੀਤੇ ਸਥਾਨ ‘ਤੇ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਥੇ ਕੋਵੈਕਸੀਨ ਜਾ ਕੋਵੀਸ਼ੀਲਡ ਵਿਚੋਂ ਕਿਸੇ ਇਕ ਦੇ 10 ਜਾ 10 ਤੋਂ ਵੱਧ ਵਿਅਕਤੀਆਂ ਵੱਲੋਂ ਟੀਕਾਕਰਨ ਕਰਵਾਉਣ ਲਈ ਫਾਰਮ ਭਰਿਆ ਜਾਵੇਗਾ, ਉਥੇ ਟੀਮ ਵੱਲੋਂ ਪਹੁੰਚ ਕੀਤੀ ਜਾਵੇਗੀ ਅਤੇ ਜੇਕਰ ਕੀਤੇ 10 ਵਿਅਕਤੀਆਂ ਨਾਲੋਂ ਘੱਟ ਵਿਅਕਤੀਆਂ ਵੱਲੋਂ ਫਾਰਮ ਭਰਿਆ ਹੋਵੇਗਾ ਉਥੇ ਟੀਮ ਵੱਲੋਂ ਉਨ੍ਹਾਂ ਨੂੰ ਫੋਨ ‘ਤੇ ਸਮਾਂ ਦੇ ਦਿੱਤਾ ਜਾਵੇਗਾ ਤੇ ਨੇੜਲੇ ਖੇਤਰ ‘ਚ ਲੱਗਣ ਵਾਲੇ ਕੈਂਪ ਦੌਰਾਨ ਉਨ੍ਹਾਂ ਦਾ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਵਾਰ ਦਵਾਈ ਖੁਲਣ ‘ਤੇ 10 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਸਕਦਾ ਹੈ ਤੇ ਜੇਕਰ ਵਿਅਕਤੀਆਂ ਦੀ ਗਿਣਤੀ ਘੱਟ ਹੁੰਦੀ ਹੈ ਤਾਂ ਬਾਕੀ ਡੋਜ਼ ਬਰਬਾਦ ਹੋਣ ਦਾ ਖਦਸ਼ਾ ਹੁੰਦਾ ਹੈ, ਇਸ ਨੂੰ ਧਿਆਨ ‘ਚ ਰੱਖਦਿਆ ਇਸ ਤਰ੍ਹਾਂ ਦੀ ਰਣਨੀਤੀ ਬਣਾਈ ਗਈ ਹੈ ਕਿ ਇਕ ਵਾਰ ਦਵਾਈ ਖੁਲਣ ‘ਤੇ ਸਾਰੀਆਂ ਡੋਜ਼ਾ ਦੀ ਵਰਤੋਂ ਕੀਤੀ ਜਾ ਸਕੇ।  ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 0175-5008521 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਐਕਸਲ ਸੀਟ ਵਿੱਚ ਵਿਅਕਤੀ ਦਾ ਨਾਮ, ਸ਼ਨਾਖਤੀ ਕਾਰਡ ਨੰਬਰ, ਕੋਵਿਡ ਟੀਕਾਕਰਨ ਦੀ ਡੋਜ਼ ਦੀ ਗਿਣਤੀ, ਫੋਨ ਨੰਬਰ ਤੇ ਘਰ ਦੇ ਪਤੇ ਸਬੰਧੀ ਜਾਣਕਾਰੀ ਦੇਣੀ ਹੋਵੇਗੀ ਅਤੇ ਉਸ ਨੂੰ ਈ-ਮੇਲ diopatiala@gmail.com ‘ਤੇ ਭੇਜਿਆ ਜਾ ਸਕਦਾ ਹੈ। ਐਕਸਲ ਸੀਟ ਦੀ ਕਾਪੀ ਡੀ.ਪੀ.ਆਰ.ਓ ਪਟਿਆਲਾ ਦੇ ਫੇਸਬੁੱਕ ਪੇਜ਼ ਤੋਂ ਵੀ ਪ੍ਰਾਪਤੀ ਕੀਤੀ ਜਾ ਸਕਦੀ ਹੈ।

ਸਾਕਸ਼ੀ ਸਾਹਨੀ ਨੇ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਕੋਵਿਡ ਤੋਂ ਬਚਾਅ ਲਈ ਆਪਣਾ ਟੀਕਾਕਰਨ ਕਰਵਾਉਣ ਦੀ ਅਪੀਲ ਕਰਦਿਆ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰੇਕ ਯੋਗ ਵਿਅਕਤੀ ਆਪਣਾ ਟੀਕਾਕਰਨ ਜ਼ਰੂਰ ਕਰਵਾਏ, ਤਾਂ ਕਿ ਅਸੀ ਆਪਣਾ ਤੇ ਆਪਣੇ ਪਰਿਵਾਰ ਦਾ ਇਸ ਬਿਮਾਰੀ ਤੋਂ ਬਚਾਅ ਕਰ ਸਕੀਏ।

ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਨੇ ਕਿਹਾ ਕਿ ਦੇਸ਼ ਦੇ ਹੋਰਨਾਂ ਸੂਬਿਆਂ ‘ਚ ਕੋਵਿਡ ਦੇ ਕੇਸਾਂ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਤੇ ਸਾਨੂੰ ਹੁਣ ਹੋਰ ਸੁਚੇਤ ਹੋਣ ਦੀ ਲੋੜ ਹੈ ਤੇ ਅਸੀ ਕੋਵਿਡ ਟੀਕਾਕਰਨ ਕਰਵਾਕੇ ਹੀ ਇਸ ਤੋਂ ਆਪਣਾ ਬਚਾਅ ਕਰ ਸਕਦੇ ਹਾਂ।