Connect with us

Punjab

ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜ਼ਿਲ੍ਹੇ ‘ਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ !

Published

on

ਪਟਿਆਲਾ: ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਈਸਾ ਸਿੰਘਲ ਨੇ ਵੱਖ-ਵੱਖ ਸਕੀਮਾਂ ਅਧੀਨ ਕਰਵਾਏ ਜਾ ਰਹੇ ਕੰਮਾਂ ਦੀ ਸਮੀਖਿਆ ਕਰਦਿਆਂ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰ ਦੇ ਪ੍ਰੋਗਰਾਮਾਂ ਨੂੰ ਲਾਗੂ ਕਰਨ ‘ਚ ਕੋਈ ਢਿੱਲ ਮੱਠ ਨਾ ਵਰਤੀ ਜਾਵੇ।

ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਮਹੀਨਾਵਾਰ ਮੀਟਿੰਗ ਦੌਰਾਨ ਸਮਾਰਟ ਵਿਲੇਜ ਮੁਹਿੰਮ, ਐਮ.ਪੀ. ਲੈਡਜ. ਆਰ.ਡੀ.ਐਫ., ਕੈਟਲ ਫੇਅਰ ਫੰਡ ਅਤੇ ਮਗਨਰੇਗਾ ਅਧੀਨ ਕਰਵਾਏ ਜਾਣ ਵਾਲੇ ਕੰਮਾਂ ਦੀ ਸਮੀਖਿਆ ਕਰਦਿਆਂ ਡੀ.ਸੀ. ਸਾਕਸ਼ੀ ਸਾਹਨੀ ਨੇ ਕਿਹਾ ਕਿ ਸਰਕਾਰ ਦੇ ਫ਼ਲੈਗ਼ਸ਼ਿਪ ਪ੍ਰੋਗਰਾਮ ਨੂੰ ਜ਼ਿਲ੍ਹੇ ‘ਚ ਗੰਭੀਰਤਾ ਨਾਲ ਲਾਗੂ ਕੀਤੇ ਜਾਣ।

ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਅਧੀਨ ਹੋ ਚੁੱਕੇ ਕੰਮਾਂ ਦੇ ਵਰਤੋਂ ਸਰਟੀਫਿਕੇਟ ਤੁਰੰਤ ਜਮਾਂ ਕਰਵਾਏ ਜਾਣ ਅਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਲੋੜੀਂਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇ। ਉਨ੍ਹਾਂ ਸ਼ਾਮਲਾਟ ਜਮੀਨਾਂ ਨੂੰ ਠੇਕੇ ‘ਤੇ ਦੇਣ ਲਈ ਕਰਵਾਈ ਜਾਣ ਵਾਲੀ ਬੋਲੀ ਵੀ ਜਲਦੀ ਕਰਵਾਉਣ ਦੀ ਹਦਾਇਤ ਕੀਤੀ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਰਾਜਪੁਰਾ ਵੱਲੋਂ ਪ੍ਰਾਪਰਟੀ ਟੈਕਸ ਇਕੱਠਾ ਕਰਨ ਅਤੇ ਨਗਰ ਪੰਚਾਇਤ ਭਾਦਸੋਂ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੇ ਬਿਲਡਿੰਗ ਫੀਸ ਵਸੂਲੀ ‘ਚ ਕੀਤੇ ਬਿਹਤਰਨੀ ਕੰਮ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਦੂਸਰੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵੀ ਕੰਮ ਨੂੰ ਤੇਜ਼ੀ ਨਾਲ ਕਰਨ। ਉਨ੍ਹਾਂ ਸ਼ਾਮਲਾਟ ਜਮੀਨਾਂ ‘ਤੋਂ ਨਜਾਇਜ਼ ਕਬਜ਼ੇ ਛੁਡਵਾਉਣ ਦੇ ਕੰਮ ‘ਚ ਵੀ ਹੋਰ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ।

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਜ਼ਿਲ੍ਹੇ ‘ਚ ਅਣ ਅਧਿਕਾਰਤ ਕਲੋਨੀਆਂ ਖਿਲਾਫ਼ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕਰਨ ਦੀ ਹਦਾਇਤ ਕਰਦਿਆ ਕਿਹਾ ਕਿ ਜ਼ਿਲ੍ਹੇ ਦੀਆਂ ਰਜਿਸਟਰਡ ਕਲੋਨੀਆਂ ਦੀ ਸੂਚੀ ਵੀ ਤੁਰੰਤ ਮੁਹੱਈਆ ਕਰਵਾਈ ਜਾਵੇ। ਮੀਟਿੰਗ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ‘ਚ ਚੱਲ ਰਹੀਆਂ ਗਊਸ਼ਾਲਾਵਾਂ ਤੋਂ ਆਮਦਨ ਦੇ ਸਰੋਤ ਪੈਦਾ ਕੀਤੇ ਜਾਣ ਤੇ ਖਾਦ ਬਣਾਉਣ ਸਮੇਤ ਬਾਇਓ ਗੈਸ ਪਲਾਟ ਵਰਗੇ ਪ੍ਰੋਜੈਕਟ ਲਗਾਉਣ ਲਈ ਪਲਾਨ ਤਿਆਰ ਕੀਤਾ ਜਾਵੇ।  ਮੀਟਿੰਗ ‘ਚ ਜ਼ਿਲ੍ਹੇ ਦੇ ਸਮੂਹ ਬੀ.ਡੀ.ਪੀ.ਓ ਅਤੇ ਕਾਰਜ਼ ਸਾਧਨ ਅਫ਼ਸਰ ਮੌਜੂਦ ਸਨ।