National
ਦਿੱਲੀ ‘ਚ ਅੱਜ ਤੋਂ DGP-IGP ਦੀ ਹੋਵੇਗੀ ਬੈਠਕ, PM ਮੋਦੀ, ਅਮਿਤ ਸ਼ਾਹ ‘ਤੇ NSA ਅਜੀਤ ਡੋਵਾਲ ਵੀ ਹੋਣਗੇ ਸ਼ਾਮਲ

ਸਾਈਬਰ ਸੁਰੱਖਿਆ, ਨਸ਼ਿਆਂ ਵਿਰੁੱਧ ਜੰਗ ਅਤੇ ਸਰਹੱਦ ਪਾਰ ਤੋਂ ਖਤਰਿਆਂ ‘ਤੇ ਚਰਚਾ ਕਰਨ ਲਈ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ ਸਾਰੇ ਰਾਜ ਪੁਲਸ ਬਲਾਂ ਅਤੇ ਅਰਧ ਸੈਨਿਕ ਬਲਾਂ ਦੇ ਮੁਖੀਆਂ ਦੀ ਤਿੰਨ ਦਿਨਾਂ ਬੈਠਕ ਸ਼ੁਰੂ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਵਾਲ ਸਾਲਾਨਾ ਬੈਠਕ ਨੂੰ ਸੰਬੋਧਨ ਕਰਨਗੇ, ਜਿਸ ‘ਚ ਜੰਮੂ-ਕਸ਼ਮੀਰ ਦੀ ਤਾਜ਼ਾ ਸਥਿਤੀ, ਸਰਹੱਦ ਪ੍ਰਬੰਧਨ ਅਤੇ ਸਮੁੰਦਰੀ ਸੁਰੱਖਿਆ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ।
ਇਹ ਮੀਟਿੰਗ 2014 ਵਿੱਚ ਗੁਹਾਟੀ, 2015 ਵਿੱਚ ਕੱਛ ਦੇ ਰਣ, 2016 ਵਿੱਚ ਹੈਦਰਾਬਾਦ ਵਿੱਚ ਨੈਸ਼ਨਲ ਪੁਲਿਸ ਅਕੈਡਮੀ, 2017 ਵਿੱਚ ਟੇਕਨਪੁਰ ਵਿੱਚ ਸੀਮਾ ਸੁਰੱਖਿਆ ਬਲ (ਬੀਐਸਐਫ) ਅਕੈਡਮੀ, 2019 ਵਿੱਚ ਪੁਣੇ ਵਿੱਚ ਅਤੇ 2020 ਵਿੱਚ ਆਨਲਾਈਨ ਮਾਧਿਅਮ ਰਾਹੀਂ ਕੋਵਿਡ ਮਹਾਮਾਰੀ ਦੌਰਾਨ ਹੋਈ ਸੀ। 2021 ਵਿੱਚ ਲਖਨਊ ਵਿਖੇ ਹਾਈਬ੍ਰਿਡ ਮੋਡ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਵਾਰ ਇਹ ਮੀਟਿੰਗ ਪੂਸਾ, ਦਿੱਲੀ ਵਿੱਚ ਭਾਰਤੀ ਖੇਤੀ ਖੋਜ ਸੰਸਥਾਨ ਵਿੱਚ ਕਰਵਾਈ ਜਾ ਰਹੀ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਡਾਇਰੈਕਟਰ ਜਨਰਲ (ਡੀਜੀਪੀ) ਅਤੇ ਇੰਸਪੈਕਟਰ ਜਨਰਲ (ਆਈਜੀਪੀ) ਦੇ ਪੱਧਰ ‘ਤੇ ਦੇਸ਼ ਦੇ ਲਗਭਗ 350 ਉੱਚ ਅਧਿਕਾਰੀ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਖਾਲਿਸਤਾਨੀ ਕੱਟੜਪੰਥੀਆਂ ਦੇ ਖਤਰੇ, ਆਰਥਿਕਤਾ ਨੂੰ ਦਰਪੇਸ਼ ਚੁਣੌਤੀਆਂ, ਕ੍ਰਿਪਟੋਕਰੰਸੀ, ਮਾਓਵਾਦੀ ਹਿੰਸਾ ਅਤੇ ਉੱਤਰ-ਪੂਰਬ ਵਿੱਚ ਬਗਾਵਤ ਦੇ ਮੁੱਦੇ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ।