punjab
ਡੀਜੀਪੀ ਪੰਜਾਬ ਦਿਨਕਰ ਗੁਪਤਾ ਵੱਲੋਂ ਐਸ.ਏ.ਐਸ.ਨਗਰ ਵਿਖੇ ਪੁਲਿਸ ਸਟੇਸ਼ਨ, ਸਾਂਝ ਸ਼ਕਤੀ ਹੈਲਪਡੈਸਕ ਦਾ ਉਦਘਾਟਨ

ਪੰਜਾਬ ਦੇ ਬੱਚੇ, ਮਹਿਲਾਵਾਂ ਅਤੇ ਬਜ਼ੁਰਗ ਨਾਗਰਿਕ ਲੋਕ-ਪੱਖੀ ਪਹੁੰਚ ਤਹਿਤ ਹੁਣ ਅਸਾਨੀ ਨਾਲ ਪੁਲਿਸ ਕੋਲ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ ਕਿਉਂ ਕਿ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਪੁਲਿਸ ਥਾਣਿਆਂ ਦੇ ਨੇੜਲੇ ਸਮੁੱਚੇ ਸਾਂਝ ਕੇਂਦਰਾਂ ਵਿੱਚ ‘ਸਾਂਝ ਸ਼ਕਤੀ ਹੈਲਪਡੈਸਕ’ ਸਥਾਪਤ ਕੀਤੇ ਗਏ ਹਨ। ਇਸ ਗੱਲ ਦਾ ਪ੍ਰਗਟਾਵਾ ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਦਿਨਕਰ ਗੁਪਤਾ ਨੇ ਅੱਜ ਐਸ.ਏ.ਐੱਸ.ਨਗਰ ਵਿਖੇ ਪੁਲਿਸ ਸਟੇਸ਼ਨ ਫੇਜ਼ 11 ਦੀ ਇਮਾਰਤ ਅਤੇ ਸਾਂਝ ਕੇਂਦਰ ਵਿਖੇ ਨਵੇਂ ‘ਸਾਂਝ ਸ਼ਕਤੀ ਹੈਲਪਡੈਸਕ’ ਸਮੇਤ ਕਈ ਵੱਕਾਰੀ ਪ੍ਰਾਜੈਕਟਾਂ ਦਾ ਉਦਘਾਟਨ ਕਰਦਿਆਂ ਕੀਤਾ।
ਸਮਾਜ ਦੇ ਕਮਜ਼ੋਰ ਵਰਗਾਂ ਲਈ ਸੁਰੱਖਿਅਤ ਅਤੇ ਢੁੱਕਵਾਂ ਵਾਤਾਵਰਣ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਜੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਆਪਣੀਆਂ ਸ਼ਿਕਾਇਤਾਂ ਅਤੇ ਚਿੰਤਾਵਾਂ ਨੂੰ ਬਿਨਾਂ ਕਿਸੇ ਝਿਜਕ ਦੇ ਪੁਲਿਸ ਨਾਲ ਸਾਂਝਾ ਕਰ ਸਕਣ। ਇਸ ਮੌਕੇ ਡੀਜੀਪੀ ਨਾਲ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਐਮ.ਕੇ. ਤਿਵਾੜੀ ਆਈਪੀਐਸ ਵੀ ਮੌਜੂਦ ਸਨ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮਹਿਲਵਾਂ, ਬੱਚਿਆਂ ਅਤੇ ਬਜ਼ੁਰਗ ਨਾਗਰਿਕਾਂ ਲਈ ਪੰਜਾਬ ਪੁਲਿਸ ਦੀ ਸਾਂਝ ਸ਼ਕਤੀ ਹੈਲਪਡੈਸਕ ਅਤੇ ‘181’ ਗੈਰ-ਐਮਰਜੈਂਸੀ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਗਈ ਸੀ। ਡੀਜੀਪੀ ਨੇ ਰੂਰਲ ਸੀਸੀਟੀਵੀ ਪ੍ਰੋਜੈਕਟ ਦਾ ਵਰਚੁਅਲ ਤੌਰ ‘ਤੇ ਉਦਘਾਟਨ ਵੀ ਕੀਤਾ। ਜਿਸ ਤਹਿਤ ਜ਼ਿਲ੍ਹੇ ਦੇ ਪੇਂਡੂ ਖੇਤਰ ਵਿੱਚ ਮਹੱਤਵਪੂਰਨ ਰਣਨੀਤਕ ਥਾਵਾਂ ‘ਤੇ ਅਪਰਾਧ ਦੀ ਪਛਾਣ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ 1 ਕਰੋੜ ਰੁਪਏ ਦੀ ਲਾਗਤ ਨਾਲ 154 ਸੀਸੀਟੀਵੀ ਕੈਮਰੇ ਲਗਾਏ ਗਏ ਹਨ।
ਇਹਨਾਂ ਪ੍ਰਾਜੈਕਟਾਂ ਦੇ ਉਦਘਾਟਨ ਉਪਰੰਤ ਸ੍ਰੀ ਗੁਪਤਾ ਨੇ 14 ਪੁਲਿਸ ਅਧਿਕਾਰੀਆਂ, ਜਿਨ੍ਹਾਂ ਨੇ ਪੰਜਾਬ ਪੁਲਿਸ ਮਹਿਲਾ ਮਿੱਤਰ ਪੋਰਟਲ ‘ਤੇ ਵੱਧ ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਹਨ, ਨੂੰ ਪ੍ਰਸੰਸਾ ਪੱਤਰ ਸੌਂਪੇ। ਉਨ੍ਹਾਂ ਇਸ ਦੌਰਾਨ 7 ਪੁਲਿਸ ਮੁਲਾਜ਼ਮਾਂ ਦੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਜਿਨ੍ਹਾਂ ਨੇ ਖੇਡਾਂ ਅਤੇ ਵਿੱਦਿਅਕ ਖੇਤਰ ਵਿਚ ਮੱਲ੍ਹਾਂ ਮਾਰੀਆਂ ਹਨ ਅਤੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਸਹਾਇਕ ਸਟਾਫ ਨੂੰ ਵਧੀਆਂ ਸੇਵਾਵਾਂ ਨਿਭਾਉਣ ਲਈ ਵੀ ਸਨਮਾਨਿਤ ਕੀਤਾ ਗਿਆ।
ਡੀਜੀਪੀ ਦਿਨਕਰ ਗੁਪਤਾ ਵੱਲੋਂ 2 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਏਕੜ ਜ਼ਮੀਨ ਵਿੱਚ ਸਥਾਪਤ ਨਵੇਂ ਥਾਣੇ ਦੀ ਇਮਾਰਤ ਦਾ ਦੌਰਾ ਕਰਦਿਆਂ ਕਿਹਾ ਕਿ ਇਸ ਦੋ ਮੰਜ਼ਲਾ ਥਾਣੇ ਵਿੱਚ ਗਰਾਉਂਡ ਫਲੋਰ ‘ਤੇ ਐਸਐਚਓ ਰੂਮ, ਮੁਨਸ਼ੀ ਰੂਮ, ਲਾੱਕ ਅਪਸ, ਆਰਮਰੀ, ਮਾਲਖਾਨਾ ਅਤੇ ਆਮ ਲੋਕਾਂ ਲਈ ਵੇਟਿੰਗ ਏਰੀਆ ਜਦਕਿ ਪਹਿਲੀ ਮੰਜ਼ਿਲ’ ਤੇ ਡਾਈਨਿੰਗ/ਰਸੋਈ ਦੀ ਸਹੂਲਤ ਤੋਂ ਇਲਾਵਾ ਐਨ.ਜੀ.ਓਜ਼ ਦੇ ਬੈਰਕ ਸਮੇਤ ਆਈ.ਓਜ਼ ਦੇ ਕਮਰੇ ਤੇ ਰਿਹਾਇਸ਼ੀ ਖੇਤਰ ਵੀ ਹਨ। ਉਹਨਾਂ ਨਵੇਂ ਬਣੇ ਪੁਲਿਸ ਥਾਣਿਆਂ ਲਈ ਵਾਟਰ ਕੂਲਰ, ਵਾਟਰ ਫਿਲਟਰ, ਰੈਫਰੀਜਰੇਟਰ ਆਦਿ ਜ਼ਰੂਰੀ ਚੀਜ਼ਾਂ ਵੀ ਦਿੱਤੀਆਂ।
ਡੀਜੀਪੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਆਧਾਰ `ਤੇ ਕਿਰਾਏਦਾਰ ਦੀ ਤਸਦੀਕ ਅਤੇ ਸ਼ੱਕੀ ਦੀ ਪਛਾਣ ਲਈ ਇੱਕ ਨਵੀਨਤਮ ਅਤੇ ਆਧੁਨਿਕ ਸਾਫਟਵੇਅਰ ਪ੍ਰਸਤਾਵਿਤ ਕਰਨ ਲਈ ਐਸ.ਏ.ਐਸ. ਨਗਰ ਪੁਲਿਸ ਦੀ ਸ਼ਲਾਘਾ ਕੀਤੀ। ਉਨ੍ਹਾਂ ਸੀਨੀਅਰ ਪੁਲਿਸ ਕਪਤਾਨ ਸਤਿੰਦਰ ਸਿੰਘ ਨੂੰ ਇਸ ਪ੍ਰਸਤਾਵ ਨੂੰ ਲਾਗੂ ਕਰਨ ਲਈ ਕਿਹਾ ਤਾਂ ਜੋ ਇੱਥੇ ਕਿਰਾਏ ਦੀਆਂ ਰਿਹਾਇਸ਼ਾਂ ਵਿੱਚ ਰਹਿਣ ਵਾਲੇ ਲੋਕ ਆਪਣੇ-ਆਪ ਨੂੰ ਅਸਾਨੀ ਨਾਲ ਰਜਿਸਟਰ ਕਰਵਾ ਸਕਣ।
ਇਸ ਦੌਰਾਨ ਏ.ਡੀ.ਜੀ.ਪੀ. ਕਮਿਉਨਿਟੀ ਅਫੇਅਰਜ਼ ਡਵੀਜ਼ਨ ਅਤੇ ਮਹਿਲਾ ਤੇ ਬਾਲ ਮਾਮਲੇ ਗੁਰਪ੍ਰੀਤ ਕੌਰ ਦਿਓ ਨੇ ਸੋਹਾਣਾ ਵਿਖੇ ਚਾਈਲਡ ਫਰੈਂਡਲੀ ਪੁਲਿਸ ਥਾਣੇ ਦਾ ਉਦਘਾਟਨ ਵੀ ਕੀਤਾ। ਇਹ ਪੰਜਾਬ ਪੁਲਿਸ ਵੱਲੋਂ ਐਨਜੀਓ ਬਚਪਨ ਬਚਾਓ ਅੰਦੋਲਨ ਨਾਲ ਸਾਂਝੀ ਪਹਿਲਕਦਮੀ ਜ਼ਰੀਏ ਖੋਲ੍ਹਿਆ ਗਿਆ ਅਜਿਹਾ ਦੂਜਾ ਪੁਲਿਸ ਥਾਣਾ ਹੈ। ਏਡੀਜੀਪੀ ਦਿਓ ਨੇ ਦੱਸਿਆ ਅਜਿਹਾ ਪਹਿਲਾ ਥਾਣਾ ਜੁਲਾਈ 2020 ਤੋਂ ਫਤਿਹਗੜ੍ਹ ਸਾਹਿਬ ਵਿੱਚ ਮੰਡੀ ਗੋਬਿੰਦਗੜ ਵਿਖੇ ਸਫਲਤਾਪੂਰਵਕ ਚੱਲ ਰਿਹਾ ਹੈ। ਏ.ਡੀ.ਜੀ.ਪੀ. ਦਿਓ ਨੇ ਦੱਸਿਆ ਇਨ੍ਹਾਂ ਥਾਣਿਆਂ ਦਾ ਮੰਤਵ ਪੁਲਿਸ ਥਾਣਿਆਂ ਵਿਚ ਆਉਣ ਵਾਲੇ ਬੱਚਿਆਂ ਲਈ ਅਨੁਕੂਲ ਵਾਤਾਵਰਣ ਪ੍ਰਦਾਨ ਕਰਨਾ ਹੈ। ਇਸ ਮੌਕੇ ਬਾਲ ਭਲਾਈ ਕਮੇਟੀ ਐਸ.ਏ.ਐਸ.ਨਗਰ ਦੇ ਚੇਅਰਮੈਨ ਅਤੇ ਮੈਂਬਰ, ਜ਼ਿਲ੍ਹਾ ਅਤੇ ਸੈਸ਼ਨ ਜੱਜ ਜਗਰੂਪ ਸਿੰਘ ਅਤੇ ਐਨ.ਜੀ.ਓ ਬਚਪਨ ਬਚਾਓ ਅੰਦੋਲਨ ਦੇ ਨੁਮਾਇੰਦੇ ਵੀ ਮੌਜੂਦ ਸਨ।