Punjab
ਅੰਮ੍ਰਿਤਸਰ ਤੋਂ ਕੁਆਲਾਲੰਪੁਰ ਸਿੱਧੀ ਉਡਾਣ,ਏਅਰ ਏਸ਼ੀਆ-ਐਕਸ 3 ਸਤੰਬਰ ਤੋਂ ਸ਼ੁਰੂ ਕਰੇਗੀ ਸੇਵਾ
ਅੰਮ੍ਰਿਤਸਰ 12ਅਗਸਤ 2023: ਏਅਰ ਏਸ਼ੀਆ-ਐਕਸ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਕੁਆਲਾਲੰਪੁਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਇਹ ਉਡਾਣ 3 ਸਤੰਬਰ ਨੂੰ ਅੰਮ੍ਰਿਤਸਰ ਤੋਂ ਸ਼ੁਰੂ ਹੋਣ ਵਾਲੀ ਹੈ। ਏਅਰਲਾਈਨਜ਼ ਨੇ ਇਸ ਦੀ ਆਨਲਾਈਨ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਏਅਰ ਏਸ਼ੀਆ-ਐਕਸ ਦੋਵਾਂ ਸ਼ਹਿਰਾਂ ਨੂੰ ਜੋੜਨ ਵਾਲੀ ਮਾਲਿੰਡੋ ਤੋਂ ਬਾਅਦ ਦੂਜੀ ਏਅਰਲਾਈਨ ਬਣ ਗਈ ਹੈ।
ਅੰਮ੍ਰਿਤਸਰ ਹਵਾਈ ਅੱਡੇ ਤੋਂ ਇਹ ਉਡਾਣ ਹਫ਼ਤੇ ਵਿੱਚ ਚਾਰ ਦਿਨ ਐਤਵਾਰ, ਸੋਮਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਡਾਣ ਭਰੇਗੀ। ਇਹ ਫਲਾਈਟ ਅੰਮ੍ਰਿਤਸਰ ਤੋਂ ਦੁਪਹਿਰ 1 ਵਜੇ ਦੇ ਕਰੀਬ ਰਵਾਨਾ ਹੋਵੇਗੀ, ਜੋ 5.50 ਘੰਟੇ ਦਾ ਸਫਰ ਕਰੇਗੀ ਅਤੇ ਭਾਰਤੀ ਸਮੇਂ ਅਨੁਸਾਰ ਸ਼ਾਮ 6.50 ਵਜੇ ਕੁਆਲਾਲੰਪੁਰ ‘ਚ ਉਤਰੇਗੀ।
ਇਸੇ ਤਰ੍ਹਾਂ ਇਹ ਫਲਾਈਟ ਹਰ ਐਤਵਾਰ, ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਕੁਆਲਾਲੰਪੁਰ ਤੋਂ ਰਵਾਨਾ ਹੋਵੇਗੀ। ਇਹ ਫਲਾਈਟ ਕੁਆਲਾਲੰਪੁਰ ਤੋਂ ਰਾਤ 8.25 ‘ਤੇ ਰਵਾਨਾ ਹੋਵੇਗੀ, ਜੋ 5.55 ਘੰਟੇ ਦੇ ਸਫਰ ਤੋਂ ਬਾਅਦ ਰਾਤ 11.50 ‘ਤੇ ਅੰਮ੍ਰਿਤਸਰ ਉਤਰੇਗੀ।
ਮਾਲਿੰਡੋ ਦੀ ਫਲਾਈਟ ਪਿਛਲੇ ਸਾਲ ਸਤੰਬਰ ‘ਚ ਸ਼ੁਰੂ ਹੋਈ ਸੀ
ਮਾਲਿੰਡੋ ਏਅਰਲਾਈਨਜ਼ ਨੇ ਵੀ ਪਿਛਲੇ ਸਾਲ ਸਤੰਬਰ ਵਿੱਚ ਹੀ ਅੰਮ੍ਰਿਤਸਰ-ਕੁਆਲਾਲੰਪੁਰ ਸਿੱਧੀ ਉਡਾਣ ਸ਼ੁਰੂ ਕੀਤੀ ਸੀ। ਇਹ ਉਡਾਣ ਹਫ਼ਤੇ ਵਿੱਚ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਦੋਵਾਂ ਸ਼ਹਿਰਾਂ ਵਿਚਕਾਰ ਚੱਲਦੀ ਹੈ।