Punjab
ਵਿਸ਼ਵ ਕੈਂਸਰ ਦਿਵਸ ‘ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕਰਵਾਇਆ ਜਾਗਰੂਕਤਾ ਵੈਬੀਨਾਰ
ਪਟਿਆਲਾ:ਵਿਸ਼ਵ ਕੈਂਸਰ ਦਿਵਸ ਮੌਕੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਮ- ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਰਜਿੰਦਰ ਅਗਰਵਾਲ ਦੀ ਨਿਗਰਾਨੀ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੀ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡਕਾਲਾ ਦੇ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨ ਨਾਲ ਇੱਕ ਵੈਬੀਨਾਰ ਕਰਵਾਇਆ ਗਿਆ।
ਸੈਸ਼ਨ ਦੌਰਾਨ ਸੀ.ਜੇ.ਐਮ ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਮਰੀਜ਼ਾਂ ਵਿੱਚ ਕੈਂਸਰ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਇਸ ਦੀ ਰੋਕਥਾਮ ਅਤੇ ਇਲਾਜ ਬਾਰੇ ਜਾਗਰੂਕਤਾ ਫੈਲਾਉਣਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨਾਲਸਾ (ਬੱਚਿਆਂ ਨੂੰ ਮਿੱਤਰਤਾਪੂਰਨ ਕਾਨੂੰਨੀ ਸੇਵਾਵਾਂ ਅਤੇ ਉਨ੍ਹਾਂ ਦੀ ਸੁਰੱਖਿਆ) ਸਕੀਮ 2015, ਬਾਲ ਵਿਆਹ ਰੋਕੂ ਕਾਨੂੰਨ, ਪੋਕਸੋ ਐਕਟ ਅਤੇ ਜੁਵੇਨਾਈਲ ਜਸਟਿਸ ਐਕਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਜਾਣੂ ਕਰਵਾਇਆ।
ਇਸ ਮੌਕੇ ਰਿਟੇਨਰ ਐਡਵੋਕੇਟ ਸ੍ਰੀ ਦੀਪਕ ਜਿੰਦਲ ਵੱਲੋਂ ਉਹਨਾਂ ਵਿਅਕਤੀਆਂ ਦੀਆਂ ਸ਼੍ਰੇਣੀਆਂ ਬਾਰੇ ਜਾਣਕਾਰੀ ਦਿੱਤੀ ਗਈ ਜੋ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਿਟੀਜ਼ ਐਕਟ, 1987 ਦੀ ਧਾਰਾ 12 ਦੇ ਅਧੀਨ ਮੁਫ਼ਤ ਕਾਨੂੰਨੀ ਸੇਵਾਵਾਂ ਲਈ ਹੱਕਦਾਰ ਹਨ ਜਿਵੇਂ ਕਿ ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲੇ ਦੇ ਮੈਂਬਰ, ਇੱਕ ਪੀੜਿਤ, ਮਨੁੱਖਾਂ ਦੀ ਤਸਕਰੀ ਜਾਂ ਭਿਖਾਰੀ, ਔਰਤ, ਬੱਚਾ, ਨਸਲੀ ਹਿੰਸਾ, ਜਾਤੀ ਅੱਤਿਆਚਾਰ, ਹੜ੍ਹ, ਸੋਕਾ, ਭੂਚਾਲ, ਉਦਯੋਗਿਕ ਕਾਮੇ, ਹਿਰਾਸਤ ਵਿੱਚ ਵਿਅਕਤੀ, ਸਰੀਰਕ ਅਤੇ ਮਾਨਸਿਕ ਅਪੰਗ ਵਿਅਕਤੀ ਅਤੇ ਉਹ ਵਿਅਕਤੀ ਜਿਨ੍ਹਾਂ ਦੀ ਸਾਲਾਨਾ ਆਮਦਨ ਤਿੰਨ ਲੱਖ ਤੋਂ ਵੱਧ ਨਾ ਹੋਵੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਮੁਫ਼ਤ ਕਾਨੂੰਨੀ ਸਹਾਇਤਾ ਕਿਥੋਂ ਤੇ ਕਿਵੇਂ ਲਈ ਜਾ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਨਾਲਸਾ (ਬੱਚਿਆਂ ਨੂੰ ਮਿੱਤਰਤਾਪੂਰਨ ਕਾਨੂੰਨੀ ਸੇਵਾਵਾਂ ਅਤੇ ਉਨ੍ਹਾਂ ਦੀ ਸੁਰੱਖਿਆ) ਸਕੀਮ 2015, ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ), ਟੋਲ ਫ਼ਰੀ ਨੰਬਰ 1968, ਮੀਡੀਏਸ਼ਨ ਦੇ ਲਾਭ, ਲੋਕ ਅਦਾਲਤਾਂ ਦੇ ਲਾਭ ਅਤੇ ਮਿਤੀ 12 ਮਾਰਚ 2022 ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਵੀ ਜਾਣਕਾਰੀ ਦਿੱਤੀ ।
ਇਸ ਤੋ ਇਲਾਵਾ ਡਾਕਟਰ ਨਿਧੀ ਸ਼ਰਮਾ, ਸੀਨੀਅਰ ਮੈਡੀਕਲ ਅਫ਼ਸਰ, ਕਮਿਊਨਿਟੀ ਹੈਲਥ ਸੈਂਟਰ, ਮਾਡਲ ਟਾਊਨ ਪਟਿਆਲਾ ਵੱਲੋਂ ਹਾਜ਼ਰੀਨ ਨੂੰ ਵਿਸ਼ਵ ਕੈਂਸਰ ਦਿਵਸ ਦੇ ਥੀਮ “ਕਲੋਜ਼ ਦ ਕੇਅਰ ਗੈਪ” ਉੱਤੇ ਚਾਨਣਾ ਪਾਇਆ। ਇਸ ਮੌਕੇ ਉਨ੍ਹਾਂ ਨੂੰ ਕੈਂਸਰ ਦੇ ਲੱਛਣਾਂ, ਕਾਰਨਾਂ, ਨਿਦਾਨ ਅਤੇ ਇਸ ਦੇ ਇਲਾਜ ਬਾਰੇ ਵੀ ਜਾਗਰੂਕ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਵਿਸ਼ਵ ਵਿੱਚ ਕੈਂਸਰ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਕੈਂਸਰ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ ਅਤੇ ਸਰਕਾਰ ਵੱਲੋਂ ਕੈਂਸਰ ਮਰੀਜ਼ਾਂ ਦੀ ਆਰਥਿਕ ਮਦਦ ਵੀ ਕੀਤੀ ਜਾਂਦੀ ਹੈ।