Corona Virus
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਮੋਗਾ ਦੇ ਸਹਿਕਾਰੀ ਬੈਂਕ ਖੋਲ੍ਹਣ ਦਾ ਸਮਾਂ ਸਵੇਰ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਕੀਤਾ
ਮੋਗਾ, 28 ਮਾਰਚ : ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਹੰਸ ਨੇ ਕਰਫਿਊ ਦੋਰਾਨ ਲੋਕਾਂ ਨੂੰ ਵਿੱਤੀ ਮਾਮਲਿਆਂ ‘ਚ ਸਹੂਲਤਾਂ ਦਿੰਦਿਆਂ ਅੱਜ ਘੋਸ਼ਿਤ ਕੀਤਾ ਕਿ ਜ਼ਿਲ੍ਹੇ ਦੇ ਸਾਰੇ ਸਹਿਕਾਰੀ ਬੈਂਕ ਸਵੇਰ 10 ਵਜੇ ਤੋ ਦੁਪਹਿਰ 1 ਵਜੇ ਤੱਕ ਖੁੱਲ੍ਹੇ ਰਹਿਣਗੇ।ਉਨ੍ਹਾਂ ਦੱਸਿਆ ਕਿ ਕਰਫਿਊ ਦੋਰਾਨ ਇਨ੍ਹਾਂ ਬੈਂਕਾਂ ਦੇ ਕਰਮਚਾਰੀ ਸਬੰਧਤ ਅਦਾਰਿਆਂ ਵੱਲੋਂ ਜਾਰੀ ਕੀਤੇ ਗਏ ਸ਼ਨਾਖਤੀ ਕਾਰਡ ਨਾਲ ਲੈ ਕੇ ਚੱਲਣ, ਜਿਨ੍ਹਾਂ ਨੂੰ ਕਰਫਿਊ ਪਾਸ ਵਜੋਂ ਮੰਨਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾਵਾਂ ਵੀ ਇਸ ਸਮੇਂ ਦੌਰਾਨ ਖੁੱਲ੍ਹੀਆ ਰਹਿ ਸਕਦੀਆਂ ਹਨ ਅਤੇ ਇਨ੍ਹਾਂ ਸਭਾਵਾਂ ਦੇ ਮੈਂਬਰਾਂ ਨੂੰ ਕੇਵਲ ਉਨ੍ਹਾਂ ਦੇ ਘਰ ਤੱਕ ਸਮਾਨ ਦੀ ਡਲਿਵਰੀ ਦਿੱਤੀ ਜਾ ਸਕਦੀ ਹੈ। ਇਸ ਤਰ੍ਹਾਂ ਸੁਸਾਇਟੀ ਦੇ ਮੈਂਬਰ ਵੀ ਆਪਣੀ ਸਬੰਧਤ ਬੈਂਕ ਬ੍ਰਾਂਚਾਂ ਵਿਖੇ ਜਾ ਸਕਦੇ ਹਨ। ਇਸ ਤੋ ਇਲਾਵਾ ਉਨ੍ਹਾਂ ਕਿਹਾ ਕਿ ਪਹਿਲਾਂ ਜਿਹੜੇ ਬੈਂਕਾਂ ਦੇ ਏ.ਟੀ.ਐਮ. 24 ਘੰਟੇ ਖੁੱਲ੍ਹਣ ਦੇ ਹੁਕਮ ਪਾਸ ਕੀਤੇ ਗਏ ਸੀ, ਉਹ ਏ.ਟੀ.ਐਮ ਸਵੇਰ 8 ਵਜੇ ਤੋ ਸ਼ਾਮ 6 ਵਜੇ ਤੱਕ ਹੀ ਖੁੱਲ੍ਹਣਗੇ।
ਪੰਜ ਹੋਰ ਬੈਂਕਾਂ ਦੀਆਂ ਨੋਡਲ ਬ੍ਰਾਂਚਾਂ ਕਰਫਿਊ ਦੌਰਾਨ ਖੁੱਲ੍ਹਣੀਆ ਰਹਿਣਗੀਆਂ ਜ਼ੋ ਹੇਠ ਲਿਖੇ ਅਨੁਸਾਰ ਹਨ : ਕੈਪੀਟਲ ਸਮਾਲ ਫਾਈਨਾਂਸ ਬੈਂਕ, ਮੋਗਾ, ਕੈਪੀਟਲ ਸਮਾਲ ਫਾਈਨਾਂਸ ਬੈਂਕ, ਬਾਘਾਪੁਰਾਣਾ, ਏ.ਯੂ. ਸਮਾਲ ਫਾਈਨਾਂਸ ਬੈਂਕ ਮੋਗਾ, ਆਈ.ਸੀ.ਆਈ.ਸੀ.ਆਈ. ਬੈਂਕ ਕੋਟ ਈਸੇ ਖਾਂ, ਪੰਜਾਬ ਐਂਡ ਸਿੰਧ ਬੈਂਕ ਕੋਟ ਈਸੇ ਖਾਂ। ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋ ਲਗਾਏ ਗਏ ਕਰਫਿਊ ‘ਚ ਢਿੱਲ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਆਮ ਜਨਤਾ ਦੀ ਲੋੜਾਂ ਨੂੰ ਮੁੱਖ ਰੱਖਦੇ ਹੋਇਆ ਜ਼ਿਲ੍ਹੇ ਦੇ ਬੈਂਕਾਂ ਦੀਆਂ 75 ਨੋਡਲ ਬ੍ਰਾਂਚਾਂ ਖੁੱਲ੍ਹੀਆਂ ਰੱਖੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਬ੍ਰਾਂਚਾਂ ਸਵੇਰ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹੀਆ ਰਹਿਣਗੀਆਂ।ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਾਰੇ ਹੀ ਏ.ਟੀ.ਐਮ. ਲੋਕਾਂ ਦੀ ਸੁਵਿਧਾ ਲਈ 24 ਘੰਟੇ ਖੁੱਲ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਏ.ਟੀ.ਐਮ. ‘ਚ ਪੈਸਾ ਪਾਉਣ ਵਾਲੀਆਂ ਗੱਡੀਆਂ ਅਤੇ ਕਰਮਚਾਰੀਆਂ ਅਤੇ ਏ.ਟੀ.ਐਮ. ਦੇ ਰੱਖ ਰਖਾਅ ਨਾਲ ਸਬੰਧਤ ਕਰਮਚਾਰੀਆਂ ਨੂੰ ਕਰਫਿਊ ਦੌਰਾਨ ਆਵਾਜਾਈ ਦੀ ਆਗਿਆ ਹੋਵੇਗੀ।ਇਹ ਸਾਰੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਸਬੰਧਤ ਅਦਾਰਿਆਂ ਵੱਲੋਂ ਜਾਰੀ ਕੀਤੇ ਗਏ ਸ਼ਨਾਖਤੀ ਕਾਰਡਾਂ ਨੂੰ ਹੀ ਕਰਫਿਊ ਪਾਸਾਂ ਵਜੋਂ ਇਸਤੇਮਾਲ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਪ੍ਰਤਾਪ ਰੋਡ ਮੋਗਾ ਵਿਖੇ ਸਥਿਤ ਬੈਂਕ ਆਫ ਇੰਡੀਆ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਖਜ਼ਾਨੇ ਖੁੱਲ੍ਹੇ ਰਹਿਣਗੇ।ਇਸ ਤਰ੍ਹਾਂ ਸਟੇਟ ਬੈਂਕ ਆਫ ਇੰਡੀਆ ਦੇ ਮੇਨ ਬ੍ਰਾਂਚ ਮੋਗਾ ਦਾ ਖਜ਼ਾਨਾ ਵੀ ਖੁੱਲ੍ਹਾਂ ਰਹੇਗਾ।
ਉਨ੍ਹਾਂ ਹਦਾਇਤ ਕੀਤੀ ਕਿ ਸਹਿਕਾਰੀ ਸਭਾਵਾਂ ਅਤੇ ਸਹਿਕਾਰੀ ਕਰਮਚਾਰੀ ਸਮਾਜਕ ਦੂਰੀ, ਮਾਸਕ ਦੀ ਵਰਤੋ ਅਤੇ ਸਮੇਂ ਸਮੇਂ ਸਿਰ ਸਾਬਣ ਅਤੇ ਸੈਨੇਟਾਈਜ਼ਰ ਦੀ ਵਰਤੋ ਕਰਨਗੇ। ਇਸ ਤਰ੍ਹਾਂ ਹੀ ਬਲਾਕ ਬਾਘਾਪੁਰਾਣਾ ਦੀਆਂ ਨੋਡਲ ਬੈਂਕ ਬ੍ਰਾਂਚਾਂ ਹੇਠ ਲਿਖੇ ਅਨੁਸਾਰ ਖੁੱਲ੍ਹੀਆਂ ਰਹਿਣਗੀਆਂ :
ਇਲਾਹਾਬਾਦ ਬੈਂਕ, ਐਕਸਿਸ ਬੈਂਕ, ਬੈਂਕ ਆਫ ਇੰਡੀਆ, ਕੇਨਰਾ ਬੈਂਕ, ਸੈਂਟਰਲ ਬੈਂਕ ਆਫ ਇੰਡੀਆ, ਐਚ.ਡੀ.ਐਫ.ਸੀ. ਬੈਂਕ ਲਿਮ., ਆਈ.ਸੀ.ਆਈ.ਸੀ.ਆਈ. ਬੈਂਕ, ਇੰਡੀਅਨ ਓਵਰਸੀਸ ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ, ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਇੰਡੀਆ ਅਤੇ ਯੂਕੋ ਬੈਂਕ।