Punjab
ਫਾਈਨੈਂਸਰ ਤੋਂ ਪ੍ਰੇਸ਼ਾਨ ਹੋ ਵਿਅਕਤੀ ਨੇ ਕੀਤੀ ਖੁਦਕੁਸ਼ੀ, 8 ਹਜ਼ਾਰ ਰੁਪਏ ਦਾ ਲਿਆ ਸੀ ਕਰਜ਼
15 ਨਵੰਬਰ 2023 ( ਗੁਰਪ੍ਰੀਤ ਸਿੰਘ ) : ਗੁਰਦਾਸਪੁਰ ਦੇ ਦੀਨਾਨਗਰ ਦੇ ਪਿੰਡ ਅਨੰਦਪੁਰ ’ਚ ਇੱਕ ਵਿਅਕਤੀ ਨੇ ਫਾਈਨੈਂਸਰ ਵੱਲੋਂ ਵਾਰ-ਵਾਰ ਜ਼ਲੀਲ ਕਰਨ ਤੋਂ ਪ੍ਰੇਸ਼ਾਨ ਹੋ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ । ਮ੍ਰਿਤਕ ਦੀ ਪਛਾਣ ਰਾਜ ਕੁਮਾਰ (45) ਸਾਲ ਹੈ| ਉਧਰ ਪੁਲਿਸ ਨੇ ਉਸਦੇ ਭਰਾ ਵਿਜੇ ਕੁਮਾਰ ਦੇ ਬਿਆਨਾਂ ’ਤੇ ਫਾਈਨੈਂਸਰ ਹਰਦੀਪ ਸਿੰਘ ਉਰਫ਼ ਕਾਲਾ ਦੇ ਖ਼ਿਲਾਫ਼ ਧਾਰਾ 306 ਅਧੀਨ ਮਾਮਲਾ ਦਰਜ ਕੀਤਾ ਹੈ।
ਮ੍ਰਿਤਕ ਦੀ ਪਤਨੀ ਅਨੁਸਾਰ ਉਸਦੇ ਪਤੀ ਰਾਜ ਕੁਮਾਰ ਉਰਫ਼ ਰਾਜੂ ਨੇ ਉਕਤ ਫਾਈਨੈਂਸਰ ਕੋਲੋਂ 8 ਹਜ਼ਾਰ ਰੁਪਏ ਵਿਆਜ਼ ’ਤੇ ਲਏ ਸਨ, ਜਿਸਨੂੰ ਵਾਪਸ ਦੇਣ ਲਈ ਫਾਈਨੈਂਸਰ ਉਸ ’ਤੇ ਦਬਾਅ ਪਾ ਰਿਹਾ ਸੀ, ਅਤੇ ਸੋਮਵਾਰ ਸਵੇਰੇ ਫਾਈਨੈਂਸਰ ਉਹਨਾਂ ਦੇ ਘਰ ਆਇਆ ਅਤੇ ਉਸਨੂੰ ਦਬਕੇ ਮਾਰਦਾ ਹੋਇਆ ਸ਼ਾਮ ਤੱਕ ਸਾਰੇ ਪੈਸੇ ਵਾਪਸ ਮੰਗਣ ਲੱਗਾ ਅਤੇ ਇਹ ਧਮਕੀ ਵੀ ਦਿੱਤੀ ਕਿ ਪੈਸੇ ਨਾ ਦੇਣ ’ਤੇ ਉਸਦੇ ਘਰ ਨੂੰ ਜਿੰਦਰਾ ਮਾਰ ਲਵੇਗਾ। ਮ੍ਰਿਤਕ ਦੀ ਪਤਨੀ ਨੇ ਵੀ ਇਲਜ਼ਾਮ ਲਗਾਏ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਉਸਦੇ ਪਤੀ ਨੂੰ ਲਗਾਤਾਰ ਤੰਗ ਪਰੇਸ਼ਾਨ ਕਰ ਰਿਹਾ ਸੀ ਅਤੇ ਇਸ ਫਾਈਨੈਂਸਰ ਨੇ ਉਸਦੇ ਪੇਕੇ ਘਰ ਵੀ ਪਹੁੰਚ ਕੇ ਪਰਿਵਾਰ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੋਮਵਾਰ ਵਾਲੇ ਦਿਨ ਜਦੋਂ ਫਾਈਨੈਂਸਰ ਨੇ ਹੱਦੋਂ ਵੱਧ ਜ਼ਲੀਲ ਕੀਤਾ ਤਾਂ ਉਸਨੇ ਸਲਫ਼ਾਸ ਦੀਆਂ ਗੋਲੀਆਂ ਖਾ ਲਈਆਂ ਅਤੇ ਨਾਲ ਰਹਿੰਦੇ ਆਪਣੇ ਭਰਾਵਾਂ ਨੂੰ ਦੱਸਿਆ ਕਿ ਉਸਨੇ ਫਾਈਨੈਂਸਰ ਹਰਦੀਪ ਸਿੰਘ ਉਰਫ਼ ਕਾਲਾ ਤੋਂ ਦੁੱਖੀ ਹੋ ਕੇ ਇਹ ਕਦਮ ਚੁੱਕਿਆ ਹੈ। ਪਰਿਵਾਰ ਵੱਲੋਂ ਉਸਨੂੰ ਤੁਰੰਤ ਸਿਵਲ ਹਸਪਤਾਲ ਗੁਰਦਾਸਪੁਰ ਅਤੇ ਫਿਰ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਜਿੱਥੋਂ ਜਵਾਬ ਮਿਲਣ ’ਤੇ ਉਸਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਲੈ ਕੇ ਗਏ ਪਰ ਉੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਇੱਕ ਰਿਸ਼ਤੇਦਾਰ ਵੱਲੋਂ ਉਸਦੀ ਵੀਡੀਓ ਵੀ ਬਣਾਈ ਗਈ। ਜਿਸ ਵਿੱਚ ਉਹ ਆਪਣੀ ਮੌਤ ਦੇ ਲਈ ਉਕਤ ਫਾਈਨੈਂਸਰ ਨੂੰ ਹੀ ਕਸੂਰਵਾਰ ਠਹਿਰਾ ਰਿਹਾ ਹੈ।
ਉਧਰ ਪੁਲਿਸ ਨੇ ਪਰਿਵਾਰ ਦੇ ਬਿਆਨਾਂ ’ਤੇ ਫਾਈਨੈਂਸਰ ਖ਼ਿਲਾਫ਼ ਪੁਲਿਸ ਥਾਣਾ ਦੀਨਾਨਗਰ ਚ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ |