Connect with us

Punjab

ਬਰਸਾਤੀ ਪਾਣੀ ਨੂੰ ਰੀਚਾਰਜ ਕਰਨ ਲਈ ਡਵੀਜ਼ਨਲ ਕਮਿਸ਼ਨਰ ਨੇ ਸ਼ੁਰੂ ਕੀਤੀ ਨਵੀਂ ਮੁਹਿੰਮ

Published

on

ਪਟਿਆਲਾ,

ਦਿਨੋਂ ਦਿਨ ਹੇਠਾਂ ਜਾ ਰਹੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਜਿਥੇ ਡਵੀਜ਼ਨਲ ਕਮਿਸ਼ਨਰ ਪਟਿਆਲਾ ਚੰਦਰ ਗੈਂਦ ਨੇ ਡੇਢ ਮਹੀਨੇ ਪਹਿਲਾਂ ਪੰਜਾਬ ਵਿਚ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਲਈ ਪਟਿਆਲਾ ਡਵੀਜ਼ਨ ਦੇ ਅਧੀਨ ਪੈਂਦੇ ਸਮੁੱਚੇ 6 ਜ਼ਿਲਿਆਂ ਵਿਚ ਮੁਹਿੰਮ ਵਿੱਢੀ ਸੀ, ਉਥੇ ਹੀ ਹੁਣ ਉਨ੍ਹਾਂ ਧਰਤੀ ਹੇਠਲੇ ਪਾਣੀ ਦੀ ਲੈਵਲ ਵਧਾਉਣ ਲਈ ਬਰਸਾਤੀ ਪਾਣੀ ਨੂੰ ਬਚਾਉਣ ਅਤੇ ਉਸ ਨੂੰ ਰਿਚਾਰਜ ਕਰਨ ਦੀ ਤਕਨੀਕ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਇਸ ਲਈ ਉਨ੍ਹਾਂ ਪੰਜਾਬ ਜਲ ਸਰੋਤ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਭੂਮੀ ਰੱਖਿਆ ਵਿਭਾਗ, ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸੰਬੰਧੀ ਸਖਤ ਨਿਰਦੇਸ਼ ਦਿੱਤੇ ਹਨ।

ਡਵੀਜ਼ਨਲ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਖਾਸ ਕਰਕੇ ਝੋਨੇ ਦੀ ਸਿੰਚਾਈ ਹੋਣ ਕਰਕੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। ਸਮਾਂ ਆ ਗਿਆ ਹੈ ਕਿ ਹੁਣ ਪਾਣੀ ਬਚਾਉਣ ਵੱਲ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਅਤੇ ਇਸ ਨੂੰ ਇਕ ਮਿਸ਼ਨ ਦੇ ਰੂਪ ਵਿਚ ਲਿਆ ਜਾਵੇ। ਉਨ੍ਹਾਂ ਕਿਹਾ ਕਿ ਬਰਸਾਤਾਂ, ਕਨਾਲਾਂ ਅਤੇ ਨਹਿਰਾਂ ਦੇ ਪਾਣੀ ਦੀ ਵਰਤੋਂ ਸਮੇਂ ਦੀ ਮੁੱਖ ਲੋੜ ਬਣ ਗਈ ਹੈ। ਉਨ੍ਹਾਂ ਸਮੁੱਚੇ ਅਧਿਕਾਰੀਆਂ ਨੂੰ ਕਿਹਾ ਕਿ ਜਿਥੇ ਜਿਥੇ ਨਹਿਰਾਂ ਦੇ ਨਾਲ ਪੰਚਾਇਤੀ ਜ਼ਮੀਨਾਂ ਲੱਗਦੀਆਂ ਹਨ, ਉਨ੍ਹਾਂ ਥਾਵਾਂ ‘ਤੇ ਪੰਚਾਇਤੀ ਜ਼ਮੀਨਾਂ ਵਿਚ ਛੱਪੜ ਪੁੱਟ ਕੇ ਨਹਿਰਾਂ ਅਤੇ ਸੂਇਆਂ ਦੇ ਪਾਣੀ ਦੀ ਸੰਭਾਲ ਕੀਤੀ ਜਾਵੇ, ਜਿਸ ਨਾਲ ਕੁਦਰਤੀ ਤਰੀਕਿਆਂ ਨਾਲ ਪਾਣੀ ਰੀਚਾਰਜ ਹੋਵੇਗਾ। ਇਸ ਪਾਣੀ ਦੀ ਵਰਤੋਂ ਕਿਸਾਨ ਸਿੰਚਾਈ ਲਈ ਕਰ ਸਕਣਗੇ।

ਉਨ੍ਹਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਅਤੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ‘ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਸਕੀਮ’ ਅਧੀਨ ਪੰਚਾਇਤਾਂ ਨੂੰ ਨਵੇਂ ਛੱਪੜਾਂ ਵਿਚ ਪਾਣੀ ਪਾਉਣ ਲਈ ਅਤੇ ਛੱਪੜ ਬਣਾਉਣ ਲਈ ਸੈਂਟਰ ਵੱਲੋਂ ਫੰਡ ਜਾਰੀ ਕੀਤੇ ਜਾਂਦੇ ਹਨ। ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। ਉਨ੍ਹਾਂ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਹਿਰਾਂ, ਸੂਇਆਂ, ਖਾਲਾਂ ਦੀ ਪੂਰੀ ਜਾਣਕਾਰੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀ (ਡੀ. ਡੀ. ਪੀ. ਓ.) ਨੂੰ ਦੇਣ, ਜਿਸ ਤੋਂ ਬਾਅਦ ਇਨ੍ਹਾਂ ਦੇ ਨਾਲ ਲੱਗਦੀਆਂ ਪੰਚਾਇਤੀ ਜ਼ਮੀਨਾਂ ਦੀ ਭਾਲ ਕਰਕੇ ਨਵੇਂ ਛੱਪੜ ਬਣਾਏ ਜਾਣ ਤਾਂ ਕਿ ਪਾਣੀ ਦੀ ਸਾਂਭ ਸੰਭਾਲ ਹੋ ਸਕੇ ਅਤੇ ਧਰਤੀ ਦੇ ਹੇਠਾਂ ਜੋ ਪਾਣੀ ਦਾ ਲੈਵਲ ਨੀਵਾਂ ਹੋ ਰਿਹਾ ਹੈ, ਉਸ ਨੂੰ ਬਚਾਇਆ ਜਾ ਸਕੇ। ਮੀਟਿੰਗ ‘ਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਈਸ਼ਾ ਸਿੰਘਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀ ਸੁਖਚੈਨ ਸਿੰਘ, ਜਲ ਸਰੋਤ ਵਿਭਾਗ ਦੇ ਸੁਪਰੀਟੈਂਡਿੰਗ ਇੰਜੀਨੀਅਰ (ਐਸ. ਈ.) ਸੁਖਜੀਤ ਸਿੰਘ ਭੁੱਲਰ, ਖੇਤੀਬਾੜੀ ਵਿਭਾਗ ਤੋਂ ਅਵਨਿੰਦਰ ਸਿੰਘ ਮਾਨ, ਰਵਿੰਦਰ ਸਿੰਘ ਗਿੱਲ, ਡਾ. ਮਨਦੀਪ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।