Governance
ਡਾ. ਮਨਮੋਹਨ ਸਿੰਘ ਦੀ ਪ੍ਰਧਾਨ ਮੰਤਰੀ ਮੋਦੀ ਨੂੰ ਨਸੀਹਤ, ਕਿਹਾ ਸ਼ਹੀਦਾਂ ਦੀ ਸ਼ਹਾਦਤ ਦਾ ਮੁੱਲ ਪਾਉਣ ਮੋਦੀ

ਨਵੀਂ ਦਿੱਲੀ, 22 ਜੂਨ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਜ਼ੋਰਦਾਰ ਹਮਲਾ ਬੋਲਿਆ ਹੈ ਤੇ ਕਿਹਾ ਹੈ ਕਿ ਉਹ ਆਪਣੇ ਸ਼ਬਦਾਂ ਨੂੰ ਚੀਨ ਵੱਲੋਂ ਆਪਣਾ ਪੱਖ ਸਹੀ ਸਾਬਤ ਕਰਨ ਵਾਸਤੇ ਵਰਤਣ ਦੀ ਆਗਿਆ ਨਹੀਂ ਦੇ ਸਕਦੇ।
ਰਣਦੀਪ ਸੂਰਜੇਵਾਲਾ ਵੱਲੋਂ ਟਵੀਟ ਕੀਤੇ ਗਏ ਇਸ ਬਿਆਨ ਵਿਚ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਸ਼ਬਦਾਂ ਨੂੰ ਚੀਨ ਵੱਲੋਂ ਆਪਣੀ ਗੱਲ ਸਹੀ ਹੋਣ ਦੇ ਦਾਅਵੇ ਵਾਸਤੇ ਵਰਤਣ ਨਹੀਂ ਦੇ ਸਕਦੇ। ਉਹਨਾਂ ਕਿਹਾ ਕਿ ਚੀਨ ਗਲਨਵਾਨ ਘਾਟੀ ਤੇ ਪੈਂਗੋਗ ਝੀਲ ਵਰਗੇ ਭਾਰਤੀ ਇਲਾਕਿਆਂ ‘ਤੇ ਗੈਰ ਕਾਨੂੰਨੀ ਤੌਰ ‘ਤੇ ਆਪਣਾ ਹੱਕ ਜਤਾ ਰਿਹਾ ਹੈ ਤੇ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਉਸਨੇ ਅਨੇਕਾਂ ਵਾਰ ਘੁਸਪੈਠ ਕੀਤੀ ਹੈ। ਉਹਨਾਂ ਉਸਦੀਆਂ ਧਮਕੀਆਂ ਤੇ ਧੌਂਸ ਨਾ ਝੁੱਕ ਸਕਦੇ ਹਾਂ ਤੇ ਨਾ ਹੀ ਝੁਕਾਂਗੇ ਤੇ ਨਾ ਹੀ ਉਸਨੂੰ ਖੇਤਰੀ ਅਖੰਡਤਾ ਨਾਲ ਕੋਈ ਸਮਝੌਤਾ ਕਰਨ ਦਿਆਂਗੇ। ਪ੍ਰਧਾਨ ਮੰਤਰੀ ਆਪਣੇ ਸ਼ਬਦਾਂ ਨੂੰ ਉਹਨਾਂ ਵੱਲੋਂ ਆਪਣੇ ਦਾਅਵੇ ਨੂੰ ਸਹੀ ਠਹਿਰਾਉਣ ਵਾਸਤੇ ਵਰਤਣ ਦੀ ਆਗਿਆ ਨਹੀਂ ਦੇ ਸਕਦੇ ਤੇ ਉਹਨਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਰਕਾਰ ਦੇ ਵੱਖ ਵੱਖ ਅੰਗ ਇੱਕਠੇ ਮਿਲ ਕੇ ਇਸ ਸੰਕਟ ਦਾ ਸਾਹਮਣਾ ਕਰਨ ਅਤੇ ਇਹਨਾਂ ਹਾਲਾਤਾਂ ਨੂੰ ਹੋਰ ਵਿਗੜਨ ਤੋਂ ਰੋਕਣ।
ਉਹਨਾਂ ਕਿਹਾ ਕਿ ਇਹ ਅਜਿਹਾ ਮੌਕਾ ਹੈ ਜਦੋਂ ਅਸੀਂ ਸਾਰੇ ਇਕ ਦੇਸ਼ ਵਜੋਂ ਇਕਜੁੱਟ ਹਾਂ ਅਤੇ ਇਸ ਧਮਕੀ ਦਾ ਸਾਨੂੰ ਰਲ ਕੇ ਜਵਾਬ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਸੀਂ ਸਰਕਾਰ ਨੂੰ ਇਹ ਵੀ ਚੇਤੇ ਕਰਵਾਉਣਾ ਚਾਹੁਦੇ ਹਾਂ ਕਿ ਗਲਤ ਸੂਚਨਾ ਡਿਪਲੋਮੈਸੀ ਜਾਂ ਫੈਸਲਾਕੁੰਨ ਲੀਡਰਸ਼ਿਪ ਦਾ ਬਦਲ ਨਹੀਂ ਹੈ। ਉਹਨਾਂ ਕਿਹਾ ਕਿ ਸੱਚ ਨੂੰ ਝੂਠੇ ਬਿਆਨਾਂ ਨਾਲ ਦਬਾਇਆ ਨਹੀਂ ਜਾ ਸਕਦਾ।