Delhi
ਇਸ ਤਾਰੀਕ ਨੂੰ ਹੋਵੇਗੀ ਡਾ. ਮਨਮੋਹਨ ਸਿੰਘ ਦੀ ਅੰਤਿਮ ਅਰਦਾਸ
ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬੀਤੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਬੀਤੇ ਕੱਲ੍ਹ ਹੀ ਉਨ੍ਹਾਂ ਦਾ ਦਿੱਲੀ ਵਿਖੇ ਨਿਗਮਬੋਧ ਘਾਟ ‘ਤੇ ਅੰਤਿਮ ਸੰਸਕਾਰ ਕੀਤਾ ਗਿਆ। ਅੱਜ ਉਨ੍ਹਾਂ ਦੀਆਂ ਅਸਥੀਆਂ ਦਿੱਲੀ ਦੇ ਗੁਰਦੁਆਰਾ ਮਜ਼ਨੂੰ ਕਾ ਟਿੱਲਾ ਨੇੜੇ ਯੁਮਨਾ ਘਾਟ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ ਹਨ। ਡਾ. ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਅਤੇ ਪਰਿਵਾਰਕ ਮੈਂਬਰਾਂ ਨੇ ਅਸਥੀਆਂ ਨੂੰ ਜਲ ਪ੍ਰਵਾਹ ਕੀਤਾ।
ਦੱਸ ਦੇਈਏ ਕਿ ਪਰਿਵਾਰ ਨੇ 1 ਜਨਵਰੀ, 2025 ਨੂੰ ਡਾ: ਮਨਮੋਹਨ ਸਿੰਘ ਦੇ ਨਿਵਾਸ ਸਥਾਨ ‘ਤੇ ਅਖੰਡ ਪਾਠ ਤੈਅ ਕੀਤਾ ਹੈ। 3 ਜਨਵਰੀ ਨੂੰ ਕੀਰਤਨ ਅਤੇ ਅੰਤਿਮ ਅਰਦਾਸ ਹੋਵੇਗੀ। 3 ਜਨਵਰੀ ਸ਼ਾਮ ਨੂੰ ਗੁਰਦੁਆਰਾ ਰਕਾਬ ਗੰਜ ਵਿਖੇ ਅੰਤਿਮ ਅਰਦਾਸ ਅਤੇ ਕੀਰਤਨ ਹੋਵੇਗਾ।
ਇੱਥੇ ਦੱਸ ਦੇਈਏ ਕਿ 26 ਦਸੰਬਰ ਨੂੰ ਡਾ. ਮਨਮੋਹਨ ਸਿੰਘ ਦਾ ਦਿੱਲੀ ਦੇ ਏਮਜ਼ ਹਸਪਤਾਲ ‘ਚ ਦਿਹਾਂਤ ਹੋ ਗਿਆ, ਉਹ 92 ਸਾਲ ਦੇ ਸਨ। ਵੀਰਵਾਰ ਸ਼ਾਮ ਨੂੰ ਬੇਹੋਸ਼ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਏਮਜ਼ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਰਾਤ 9.51 ‘ਤੇ ਉਨ੍ਹਾਂ ਨੇ ਆਖਰੀ ਸਾਹ ਲਿਆ।
ਅੰਤਿਮ ਸੰਸਕਾਰ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਦੀ ਮ੍ਰਿਤਕ ਦੇਹ ਨੂੰ ਭਾਰਤ ਦੇ ਰਾਸ਼ਟਰੀ ਝੰਡੇ ਯਾਨੀ ਤਿਰੰਗੇ ਵਿਚ ਲਪੇਟਿਆ ਗਿਆ। ਅੰਤਿਮ ਸੰਸਕਾਰ ਦੌਰਾਨ ਡਾ. ਮਨਮੋਹਨ ਸਿੰਘ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਡਾ. ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਨੂੰ ਮੁੱਖ ਅਗਨੀ ਉਨ੍ਹਾਂ ਦੀ ਧੀ ਵਲੋਂ ਦਿੱਤੀ ਗਈ ਹੈ।