Punjab
ਕੈਪਟਨ ਦੀ ਪੰਜਾਬ ਪੁਲਿਸ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ
ਥਾਂ ਥਾਂ ਨਾਕੇਬੰਦੀ ਹੋਣ ਦੇ ਬਾਵਜੂਦ ਵੀ ਨਸ਼ੇ ਦਾ ਕੰਮ ਚੱਲ ਰਿਹਾ ਹੈ ਜੋਰਾਂ ਤੇ
ਸੂਬੇ ਅੰਦਰ ਕਰੋਨਾਵਾਇਰਸ ਦੇ ਚਲਦਿਆਂ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ ਅਤੇ ਪੁਲੀਸ ਨੂੰ ਵੀ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਦੇ ਚਲਦਿਆਂ ਪੁਲਿਸ ਪ੍ਰਸਾਸਨ ਵੱਲੋਂ ਫਿਰੋਜ਼ਪੁਰ ਹਲਕੇ ਦੇ ਸਹਿਰ ਅਤੇ ਪਿੰਡਾਂ ਵਿੱਚ ਨਾਕੇ ਲਗਾ ਕੇ ਸੀਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਇਹ ਦਾਅਵੇ ਉਸ ਸਮੇਂ ਖੋਖਲੇ ਸਾਬਤ ਹੋਏ ਜਦੋਂ ਫਿਰੋਜ਼ਪੁਰ ਦੇ ਪਿੰਡ ਹਰਾਜ ਦੇ ਲੋਕਾਂ ਵੱਲੋਂ ਚਿੱਟਾ ਵੇਚਣ ਅਤੇ ਪੀਣ ਵਾਲੇ ਚਾਰ ਲੋਕਾਂ ਨੂੰ ਫੜਿਆ ਗਿਆ। ਜਿਸ ਨੇ ਇੱਕ ਵਾਰ ਫਿਰ ਪੰਜਾਬ ਪੁਲਿਸ ਦੀ ਸੁਰੱਖਿਆ ਤੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਹਨ ਕਿਉਂਕਿ ਥਾਣਾ ਤਲਵੰਡੀ ਦੀ ਪੁਲਿਸ ਵੱਲੋਂ ਪੂਰੇ ਇਲਾਕੇ ਵਿੱਚ ਸਖਤੀ ਨਾਲ ਨਾਕੇ ਲਗਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਰ ਫਿਰ ਵੀ ਨਸ਼ਾ ਤਸਕਰ ਸਰੇਆਮ ਪਿੰਡਾਂ ਵਿੱਚ ਘੁੰਮ ਰਹੇ ਹਨ ਅਤੇ ਪੁਲਿਸ ਦੇ ਅੱਖੀਂ ਘੱਟਾ ਪਾ ਨਸ਼ਾ ਸਪਲਾਈ ਕਰ ਰਹੇ ਹਨ।
ਅਗਰ ਗੱਲ ਕਰੀਏ ਪੁਲਿਸ ਪ੍ਰਸਾਸਨ ਦੇ ਪ੍ਰਬੰਧਾਂ ਦੀ ਤਾਂ ਕਰਫਿਊ ਦੇ ਚਲਦਿਆਂ ਧਾਰਾ 144 ਲਾਗੂ ਕੀਤੀ ਗਈ ਹੈ। ਅਤੇ ਫਿਰੋਜ਼ਪੁਰ ਦੇ ਦਿਹਾਤੀ ਹਲਕੇ ਤਲਵੰਡੀ ਦੀ ਪੁਲਿਸ ਵੱਲੋਂ ਪੂਰਾ ਇਲਾਕਾ ਸੀਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਅੱਜ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਨੇ ਪੁਲਿਸ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਕੇ ਖੜੇ ਕਰ ਦਿੱਤਾ ਹੈ ਇਸ ਵਾਇਰਲ ਵੀਡੀਓ ਵਿੱਚ ਪਿੰਡ ਵਾਸੀਆਂ ਵੱਲੋਂ ਨਸ਼ਾ ਕਰਦਿਆਂ ਚਾਰ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਇੱਕ ਔਰਤ ਪੁਲਿਸ ਤੇ ਵਿਸਵਾਸ਼ ਨਾ ਕਰਦੇ ਹੋਏ ਫੜੇ ਗਏ ਨਸ਼ੇੜੀਆਂ ਨੂੰ ਡੀ ਸੀ ਫਿਰੋਜ਼ਪੁਰ ਅੱਗੇ ਪੇਸ਼ ਕਰਨ ਦੀ ਗੱਲ ਆਖ ਰਹੀ ਹੈ। ਨਾਲ ਹੀ ਉਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵੱਲੋਂ ਪਹਿਲਾਂ ਵੀ ਕੁੱਝ ਨਸ਼ੇੜੀਆਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ। ਪਰ ਉਨ੍ਹਾਂ ਨੂੰ ਥਾਣੇ ਲਿਜਾ ਕੇ ਪੁਲਿਸ ਵੱਲੋਂ ਛੱਡ ਦਿੱਤਾ ਜਾਂਦਾ ਹੈ। ਵੀਡੀਓ ਵਿੱਚ ਕੁੱਝ ਲੋਕ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਤੇ ਵੀ ਆਰੋਪ ਲਗਾ ਰਹੇ ਹਨ ਕਿ ਪੁਲਿਸ ਨੇ ਨਸ਼ੇੜੀਆਂ ਕੋਲੋਂ ਫੜਿਆ ਸਮਾਨ ਖੇਤਾਂ ਵਿੱਚ ਕਿਤੇ ਸੁੱਟ ਦਿੱਤਾ ਹੈ ਅਤੇ ਉਥੇ ਜਿਆਦਾ ਹੰਗਾਮਾ ਹੋਣ ਕਰਕੇ ਫੜੇ ਗਏ ਨਸ਼ੇੜੀਆਂ ਨੂੰ ਥਾਣੇ ਲਿਜਾਇਆ ਗਿਆ ਅਤੇ ਪੂਰੇ ਪਿੰਡ ਵੱਲੋਂ ਥਾਣੇ ਦਾ ਘਿਰਾਓ ਕੀਤਾ ਗਿਆ ਅਤੇ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਵੀ ਕੀਤੀ ਗਈ ਜਿਸ ਤੋਂ ਬਾਅਦ 4 ਲੋਕਾਂ ਤੇ ਪਰਚਾ ਦਰਜ ਕੀਤਾ ਗਿਆ।