Punjab
ਸਰਕਾਰੀ ਬੱਸਾਂ ਨਾ ਮਿਲਣ ਕਾਰਨ ਮੁਸਾਫ਼ਰ ਹੋ ਰਹੇ ਪ੍ਰੇਸ਼ਾਨ

ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਪਰ ਸਥਿਤੀ ਇਹ ਹੈ ਕਿ ਸਰਕਾਰੀ ਬੱਸਾਂ ਦੇ ਕਾਊਂਟਰਾਂ ’ਤੇ ਨਾ ਹੋਣ ਕਾਰਨ ਸਵਾਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰੀ ਬੱਸਾਂ ਨਾ ਮਿਲਣ ਦੀ ਸੂਰਤ ਵਿੱਚ ਉਡੀਕ ਕਰ ਰਹੀਆਂ ਔਰਤਾਂ ਪ੍ਰਾਈਵੇਟ ਬੱਸਾਂ ਰਾਹੀਂ ਟਿਕਟਾਂ ਖਰੀਦ ਕੇ ਸਫ਼ਰ ਕਰਨ ਲਈ ਮਜਬੂਰ ਹਨ।

ਲੜੀਵਾਰ ਕਈ ਹੜਤਾਲਾਂ ਹੋ ਚੁੱਕੀਆਂ ਹਨ ਅਤੇ ਵਿਭਾਗ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਫਾਈਲ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ। ਟਰਾਂਸਪੋਰਟ ਵਿਭਾਗ ਅਤੇ ਪਨਬੱਸ-ਪੀ.ਆਰ.ਟੀ.ਸੀ. ਯੂਨੀਅਨ ਵਿਚਾਲੇ ਕਈ ਮੁੱਦਿਆਂ ‘ਤੇ ਮਤਭੇਦ ਚੱਲ ਰਹੇ ਹਨ, ਜਿਸ ਕਾਰਨ ਨਵੀਂ ਭਰਤੀ ਨਹੀਂ ਹੋ ਰਹੀ ਅਤੇ ਬੱਸਾਂ ਚਲਾਉਣਾ ਅਫਸਰਾਂ ਲਈ ਮੁਸੀਬਤ ਬਣ ਰਿਹਾ ਹੈ। ਵਿਭਾਗ ਵੱਲੋਂ ਵੱਖ-ਵੱਖ ਮਾਮਲਿਆਂ ਸਬੰਧੀ 300 ਤੋਂ ਵੱਧ ਠੇਕਾ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ।

ਸਥਿਤੀ ਇਹ ਹੈ ਕਿ ਸਟਾਫ਼ ਦੀ ਘਾਟ ਕਾਰਨ ਪੰਜਾਬ ਦੇ ਵੱਖ-ਵੱਖ ਡਿਪੂਆਂ ਵਿੱਚ 500 ਤੋਂ ਵੱਧ ਬੱਸਾਂ ਧੂੜ ਚੱਟ ਰਹੀਆਂ ਹਨ ਪਰ ਇਨ੍ਹਾਂ ਨੂੰ ਚਲਾਉਣ ਲਈ ਲੋੜੀਂਦੇ ਕਦਮ ਨਹੀਂ ਚੁੱਕੇ ਜਾ ਰਹੇ। ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ 800 ਤੋਂ ਵੱਧ ਨਵੀਆਂ ਬੱਸਾਂ ਖਰੀਦੀਆਂ ਗਈਆਂ ਸਨ, ਪਰ ਉਸ ਸਮੇਂ ਲੋੜ ਅਨੁਸਾਰ ਭਰਤੀ ਨਹੀਂ ਹੋ ਸਕੀ, ਜਿਸ ਤੋਂ ਬਾਅਦ ਚੋਣਾਂ ਆਈਆਂ ਅਤੇ ਸੱਤਾ ਤਬਦੀਲੀ ਹੋਈ। ਉਦੋਂ ਤੋਂ ਹੀ ਯੂਨੀਅਨ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
