Corona Virus
ਕੈਪਟਨ ਅਮਰਿੰਦਰ ਸਿੰਘ ਵੱਲੋਂ ਤਨਖਾਹਾਂ ਦੇਣ ਲਈ ਈ.ਐਸ.ਆਈ.ਸੀ. ਮਗਨਰੇਗਾ ਅਤੇ ਹੋਰ ਫੰਡਾਂ ਨੂੰ ਵਰਤਣ ਦਾ ਸੁਝਾਅ

ਚੰਡੀਗੜ, 10 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੌਕਡਾਊਨ ਦੇ ਸਮੇਂ ਦੌਰਾਨ ਉਦਯੋਗਿਕ ਕਿਰਤੀਆਂ ਨੂੰ ਤਨਖਾਹ ਜਾਂ ਉੱਕੀ-ਪੁੱਕੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਈ.ਐਸ.ਆਈ.ਸੀ., ਮਨਰੇਗਾ ਅਧੀਨ ਫੰਡਾਂ ਦੇ ਨਾਲ-ਨਾਲ ਕੇਂਦਰ ਵੱਲੋਂ ਜਾਰੀ ਕੀਤੇ ਅਜਿਹੇ ਹੋਰ ਫੰਡ ਵਰਤਣ ਦਾ ਸੁਝਾਅ ਦਿੱਤਾ।
ਮੁੱਖ ਮੰਤਰੀ ਨੇ ਇਸ ਸਬੰਧ ਵਿੱਚ ਕਿਰਤ ਅਤੇ ਰੁਜ਼ਗਾਰ (ਸੁਤੰਤਰ ਚਾਰਜ) ਬਾਰੇ ਕੇਂਦਰੀ ਰਾਜ ਮੰਤਰੀ ਸੰਤੋਸ਼ ਗੰਗਵਾਰ ਨੂੰ ਪੱਤਰ ਲਿਖਿਆ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 29 ਮਾਰਚ ਨੂੰ ਜਾਰੀ ਨਿਰਦੇਸ਼ਾਂ ਦੀ ਸ਼ਲਾਘਾ ਕਰਦੇ ਹਨ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਕੰਮ ਦੇਣ ਵਾਲੇ ਸਾਰੇ ਮਾਲਕਾਂ ਚਾਹੇ ਉਹ ਉਦਯੋਗ ਦੇ ਮਾਲਣ ਹੋਣ ਜਾਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ, ਉਨਾਂ ਨੂੰ ਬਿਨਾਂ ਕਿਸੇ ਕਟੌਤੀ ਦੇ ਨਿਰਧਾਰਤ ਮਿਤੀ ਨੂੰ ਆਪਣੇ ਮਜ਼ਦੂਰਾਂ/ਕਿਰਤੀਆਂ ਨੂੰ ਤਨਖਾਹ ਦੇਣੀ ਚਾਹੀਦੀ ਹੈ। ਹਾਲਾਂਕਿ, ਪੰਜਾਬ ਦਾ ਉਦਯੋਗਿਕ ਸੈਕਟਰ ਜਿਸ ਵਿੱਚ ਵੱਡੇ ਪੱਧਰ ’ਤੇ ਸੂਖਮ, ਲਘੂ ਤੇ ਦਰਮਿਆਨੇ ਉਦਯੋਗ (ਐਮਐਸਐਮਈਜ਼) ਸ਼ਾਮਲ ਹਨ, ਲਈ ਇਨਾਂ ਨਿਰਦੇਸ਼ਾਂ ਨੂੰ ਲਾਗੂ ਕਰਨਾ ਅਸੰਭਵ ਹੋਇਆ ਪਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਿਕ ਖੇਤਰ ਪਹਿਲਾਂ ਹੀ ਬਹੁਤ ਦਬਾਅ ਅਤੇ ਸਰੋਤਾਂ ਦੀ ਘਾਟ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਇਸ ਸਥਿਤੀ ਵਿਚ ਅਜਿਹਾ ਕੋਈ ਫੈਸਲਾ ਨਾ ਸਿਰਫ ਮੁਸ਼ਕਲਾਂ ਨੂੰ ਹੋਰ ਵਧਾ ਦੇਵੇਗਾ ਸਗੋਂ ਕਈ ਉਦਯੋਗਿਕ ਇਕਾਈਆਂ ਨੂੰ ਬੰਦ ਕਰਨ ਦਾ ਕਾਰਨ ਵੀ ਬਣ ਸਕਦਾ ਹੈ ਜਿਹੜਾ ਕਿ ਇਸ ਤਾਲਾਬੰਦੀ ਦਾ ਅਸਲ ਮਨੋਰਥ ਨਹੀਂ ਹੈ।