Connect with us

punjab

ਕੋਰੋਨਾ ਮਹਾਂਮਾਰੀ ਨਾਲ ਪੀੜਤ ਲੋਕਾਂ ਦੀ ਦੇਖਭਾਲ ਬਾਬਤ ਬਣੇ ਮਾਹਰਾਂ ਦੇ ਸਮੂਹ ਦਾ ਇੱਕ ਸਾਲ ਤੋਂ ਜਿਆਦਾ ਦਾ ਸਮਾਂ ਹੋਇਆ ਪੂਰਾ

Published

on

dr vini mahajan

ਪੰਜਾਬ ਵਿੱਚ ਕੋਵਿਡ ਮਰੀਜ਼ਾਂ ਦੀ ਦੇਖਭਾਲ ਤੇ ਸੁਝਾਅ ਦੇਣ ਲਈ ਬਣਾਏ ਮਾਹਰਾਂ ਦੇ ਸਮੂਹ ਨੇ ਆਪਣਾ ਇੱਕ ਸਾਲ ਤੋਂ ਵੀ ਜਿਆਦਾ ਦਾ ਸਮਾਂ ਪੂਰਾ ਕਰ ਲਿਆ ਹੈ। ਇਹ ਸਮੂਹ ਪੰਜਾਬ ਸਰਕਾਰ ਦੇ ਸਿਹਤ ਅਤੇ ਮੈਡੀਕਲ ਸਿੱਖਿਆ ਸਲਾਹਕਾਰ ਡਾ. ਕੇ.ਕੇ. ਤਲਵਾੜ ਦੀ ਅਗਵਾਈ ਵਿਚ ਅਪਰੈਲ 2020 ਵਿਚ ਬਣਾਇਆ ਗਿਆ ਸੀ। ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਆਪਣੀ ਕਿਸਮ ਦੇ ਇਸ ਵਿਲੱਖਣ ਗਰੁੱਪ ਦੀਆਂ ਮੀਟਿੰਗਾਂ ਵਿਚ ਲਗਾਤਾਰ ਸ਼ਿਰਕਤ ਕੀਤੀ ਤਾਂ ਜੋ ਕਰੋਨਾ ਵਰਗੇ ਬੇਹੱਦ ਖਤਰਨਾਕ ਵਾਇਰਸ ਵਿਰੁੱਧ ਆਧੁਨਿਕ ਸਾਧਨਾਂ ਜਿਵੇਂ ਦਵਾਈਆਂ ਅਤੇ ਮੈਡੀਕਲ ਅਭਿਆਸਾਂ ਬਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਜਾਣੂ ਕਰਵਾਉਣ ਲਈ ਇਸ ਵਿਸ਼ੇਸ਼ ਮੁਹਿੰਮ ਵਜੋਂ ਮਾਹਰਾਂ ਅਤੇ ਭਾਗੀਦਾਰਾਂ ਨੂੰ ਉਤਸ਼ਾਹਤ ਕੀਤਾ ਜਾ ਸਕੇ।

ਇਹ ਸਮੂਹ ਨਿਯਮਿਤ ਤੌਰ ‘ਤੇ ਹਰ ਮੰਗਲਵਾਰ, ਵੀਰਵਾਰ ਅਤੇ ਐਤਵਾਰ ਸ਼ਾਮ 7.30 ਵਜੇ ਸਿਖਲਾਈ ਅਤੇ ਵਿਚਾਰ ਵਟਾਂਦਰੇ ਸਬੰਧੀ ਸੈਸ਼ਨ ਕਰਵਾਉਂਦਾ ਹੈ। ਹੁਣ ਤੱਕ 50 ਤੋਂ ਵੱਧ ਸੈਸ਼ਨ ਕੀਤੇ ਜਾ ਚੁੱਕੇ ਹਨ। ਇਹਨਾਂ ਸੈਸ਼ਨਾਂ ਦੌਰਾਨ ਮਾਹਿਰਾਂ ਵੱਲੋਂ ਅੰਮ੍ਰਿਤਸਰ ਅਤੇ ਪਟਿਆਲਾ ਦੇ ਜੀ.ਐਮ.ਸੀਜ਼, ਜੀ.ਜੀ.ਐਸ.ਐਮ.ਸੀ. ਫਰੀਦਕੋਟ, ਡੀ.ਐਮ.ਸੀ. ਲੁਧਿਆਣਾ, ਸੀ.ਐਮ.ਸੀ. ਲੁਧਿਆਣਾ ਅਤੇ ਨਿੱਜੀ ਹਸਪਤਾਲਾਂ ਵਿੱਚ ਦਰਮਿਆਨੇ ਤੋਂ ਗੰਭੀਰ ਮਰੀਜ਼ਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮਰੀਜ਼ਾਂ ਦੀ ਸਿਹਤ ਵਿੱਚ ਸੁਧਾਰ ਲਿਆਉਣ ਲਈ ਵਿਚਾਰਾਂ ਦਾ ਆਦਨ-ਪ੍ਰਦਾਨ ਕੀਤਾ ਗਿਆ।

ਪੀ.ਜੀ.ਆਈ., ਚੰਡੀਗੜ੍ਹ ਦੇ ਐਨਥਸੀਜ਼ੀਆ ਵਿਭਾਗ ਦੇ ਡੀਨ ਅਤੇ ਮੁੱਖੀ ਪ੍ਰੋ. ਜੀ.ਡੀ. ਪੁਰੀ ਅਤੇ ਡਾ. ਬਿਸ਼ਵ ਮੋਹਨ, ਪ੍ਰੋਫੈਸਰ, ਕਾਰਡੀਓਲੌਜੀ, ਡੀਐਮਸੀ ਲੁਧਿਆਣਾ ਇਸ ਸਮੂਹ ਦੇ ਕਨਵੀਨਰ ਹਨ ਜਦਕਿ ਵੱਖ-ਵੱਖ ਜ਼ਿਲ੍ਹਿਆਂ ਅਤੇ ਹਸਪਤਾਲਾਂ ਵੱਲੋਂ ਪੇਸ਼ ਕੀਤੇ ਕੇਸਾਂ ਬਾਰੇ ਅਮਰੀਕਾ, ਯੂਕੇ, ਪੀ.ਜੀ.ਆਈ., ਏਮਜ਼ ਦੇ ਬੁਲਾਰਿਆਂ ਨੇ ਗੱਲਬਾਤ ਅਤੇ ਵਿਚਾਰ ਵਟਾਂਦਰੇ ਕੀਤੇ। ਮਿਲੀ ਜਾਣਕਾਰੀ ਅਨੁਸਾਰ , “ਸਿਰਫ ਮੀਟਿੰਗਾਂ ਹੀ ਨਹੀਂ ਬਲਕਿ ਇੱਕ ਵਟਸਐਪ ਗਰੁੱਪ ਜ਼ਰੀਏ ਬਾਕਾਇਦਾ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ। ਵੱਖ-ਵੱਖ ਐਮਰਜੈਂਸੀ ਵਾਲੇ ਕੇਸਾਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਜਾਂਦੇ ਹਨ।”

ਮੁੱਖ ਸਕੱਤਰ ਤੋਂ ਇਲਾਵਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਮੈਡੀਕਲ ਸਿੱਖਿਆ ਅਤੇ ਖੋਜ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਅਤੇ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਤਨੂ ਕਸ਼ਯਪ ਵੀ ਮੀਟਿੰਗਾਂ ਵਿੱਚ ਸ਼ਿਰਕਤ ਕਰਦੇ ਰਹਿੰਦੇ ਹਨ। ਡਾ. ਵਿਨੋਦ ਪਾਲ ਵਰਗੇ ਉੱਘੇ ਮਾਹਰਾਂ ਨੇ ਵੀ ਇਸ ਸਮੂਹ ਦੀਆਂ ਮੀਟਿੰਗ ਵਿੱਚ ਹਿੱਸਾ ਲਿਆ। ਸਮੂਹ ਦੇ ਇਕ ਮੈਂਬਰ ਨੇ ਕਿਹਾ, “ਡਾ. ਪਾਲ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਹਿਮਾਚਲ ਪ੍ਰਦੇਸ਼ ਦੇ ਡਾਕਟਰਾਂ ਨੂੰ ਵੀ ਇਸ ਵਿੱਚ ਸ਼ਾਮਲ ਹੋਣ ਦਾ ਮੌਕਾ ਦੇਣ ਲਈ ਕਿਹਾ।” ਉਨ੍ਹਾਂ ਕਿਹਾ ਕਿ ਇਸ ਵਿਲੱਖਣ ਟੈਲੀ-ਮੈਨਟੋਰਿੰਗ ਅਭਿਆਸ ਲਈ ਈਕੋ ਪਲੇਟਫਾਰਮ ਵਰਤਿਆ ਗਿਆ ਹੈ।

ਇਸ ਸਮੂਹ ਵਿੱਚ ਡਾ. ਪੁਰੀ ਅਤੇ ਡਾ. ਮੋਹਨ ਤੋਂ ਇਲਾਵਾ ਦੇਸ਼ ਅਤੇ ਵਿਦੇਸ਼ ਦੇ ਕਈ ਮਾਹਰ ਜਿਵੇਂ ਨਿਊ ਯਾਰਕ ਤੋਂ ਡਾ. ਅਨੂਪ ਕੇ. ਸਿੰਘ, ਲੰਡਨ ਤੋਂ ਡਾ. ਅਜੀਤ ਕਿਆਲ, ਨਿਊ ਯਾਰਕ ਤੋਂ ਡਾ. ਸੰਦੀਪ ਕਟਾਰੀਆ, ਲੁਧਿਆਣਾ ਡੀ.ਐਮ.ਸੀ. ਤੋਂ ਡਾ. ਸਰਜੂ ਰਹਿਲਾਨ, ਚੰਡੀਗੜ੍ਹ ਪੀ.ਜੀ.ਆਈ. ਤੋਂ ਡਾ. ਪੰਕਜ ਮਲਹੋਤਰਾ ਅਤੇ ਡਾ. ਵਿਕਾਸ ਸੂਰੀ, ਏਮਜ਼ ਨਵੀਂ ਦਿੱਲੀ ਤੋਂ ਡਾ. ਅੰਬੂਜ ਰਾਏ ਅਤੇ ਡਾ. ਨਿਤੀਸ਼ ਨਾਇਕ, ਕੇ.ਡੀ.ਏ.ਐੱਚ ਮੁੰਬਈ ਤੋਂ ਡਾ. ਤਨੂ ਸਿੰਘਲ ਅਤੇ ਚੰਡੀਗੜ੍ਹ ਪੀ.ਜੀ.ਆਈ. ਤੋਂ ਡਾ. ਅਸ਼ੀਸ਼ ਭੱਲਾ ਅਤੇ ਡਾ. ਪੱਲਬ ਰਾਏ ਸ਼ਾਮਲ ਹੋਏ।