Connect with us

Punjab

ਐਕਜ਼ੋਨੋਬੇਲ ਇੰਡੀਆ ਵੱਲੋਂ ਸਰਕਾਰੀ ਸੈਕੰਡਰੀ ਸਕੂਲ ਮੌਲੀ ਬੈਦਵਾਣ ਵਿਖੇ 30 ਟੈਬਲੇਟ ਵੰਡੇ ਗਏ

Published

on

ਐੱਸ ਏ ਐੱਸ ਨਗਰ: ਸਿੱਖਿਆ ਵਿਭਾਗ ਪੰਜਾਬ ਵੱਲੋਂ ਐਕਜ਼ੋਨੋਬੈਲ ਇੰਡੀਆ ਦੇ ਸਹਿਯੋਗ ਨਾਲ ਸੀਐੱਸਆਰ ਨੀਤੀ ਤਹਿਤ 2 ਲੱਖ ਦੇ ਕਰੀਬ ਰਾਸ਼ੀ ਦੇ 30 ਟੈਬਲੇਟ ਸਰਕਾਰੀ ਸੈਕੰਡਰੀ ਸਕੂਲ ਮੌਲੀ ਬੈਦਵਾਣ ਨੂੰ ਦਿੱਤੇ ਗਏ।  ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰਦੀਪ ਕੁਮਾਰ ਅਗਰਵਾਲ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਨੇ ਐਕਜ਼ੋਨੋਬੈਲ ਇੰਡੀਆ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖਿਆ ਬੱਚੇ ਦੇ ਜੀਵਨ ਵਿੱਚ ਬਹੁਤ ਮਹੱਤਵ ਰੱਖਦੀ ਹੈ।

ਬੱਚਿਆਂ ਨੂੰ ਵਧੀਆ ਪੜ੍ਹਾਈ ਕਰਵਾਉਣ ਨਾਲ ਉਹਨਾਂ ਦਾ ਭਵਿੱਖ ਉੱਜਵਲ ਹੁੰਦਾ ਹੈ ਅਤੇ ਜੀਵਨ ਦੇ ਰਹਿਣ ਸਹਿਣ ਦਾ ਪੱਧਰ ਵੀ ਮਿਆਰੀ ਬਣਦਾ ਹੈ। ਦੇਸ਼ ਦੀ ਅਰਥਵਿਵਸਥਾ ਨੂੰ ਵੀ ਅਮੀਰ ਬਣਾਉਣ ਵਿੱਚ ਸਿੱਖਿਅਤ ਨਾਗਰਿਕ ਵਡਮੁੱਲਾ ਯੋਗਦਾਨ ਪਾਉਂਦੇ ਹਨ। ਸਰਕਾਰ ਦੇ ਵੱਲੋਂ ਲਗਾਤਰ ਕਾਰਜ ਜਾਰੀ ਹਨ ਪਰ ਸਮੁਦਾਇ ਦੇ ਯੋਗਦਾਨ ਨੂੰ ਵੀ ਅਣਗੌਲਿਆਂ ਨਹੀਂ ਕੀਤਾ ਜਾਣਾ ਚਾਹੀਦਾ।

ਇਹ ਉਚਿਤ ਸਮਾਂ ਹੈ ਕਿ ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ, ਪਤਵੰਤੇ ਸੱਜਣ ਮਿਲ ਕੇ ਵਿਦਿਆਰਥੀਆਂ ਨੂੰ ਸਕੂਲਾਂ ਦੇ ਵਿੱਚ ਮਿਆਰੀ ਸਿੱਖਿਆ ਦੇਣ ਲਈ ਵਧੀਆ ਯੋਜਨਾਬੰਦੀ ਕਰਨ। ਸਿੱਖਿਆ ਵਿਭਾਗ ਪੰਜਾਬ ਵੱਲੋਂ ਵੀ ਸਕੂਲ ਮੁਖੀਆਂ ਵੱਲੋਂ ਸਕੂਲ ਸਿੱਖਿਆ ਦੇ ਵਿੱਚ ਲੋੜੀਂਦੇ ਸੁਧਾਰਾਂ ਲਈ ਸੁਝਾਅ ਲੈਣ ਹਿੱਤ ਆਨਲਾਈਨ ਪੋਰਟਲ ਜਾਰੀ ਕੀਤਾ ਗਿਆ ਹੈ ਅਤੇ ਸਕੂਲ ਮੁਖੀ ਆਪਣੇ ਸਕੂਲ ਦੇ ਅਧਿਆਪਕਾਂ ਅਤੇ ਸਕੂਲ ਮੈਨੇਜਮੈਂਟ ਕਮੇਟੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਆਪਣੇ ਸੁਝਾਅ 20 ਮਈ ਤੱਕ ਦਰਜ ਕਰ ਸਕਦੇ ਹਨ।

ਇਸ ਸਮਾਗਮ ਵਿੱਚ ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਸਮਾਜ ਸੇਵੀ ਸੰਗਠਨ ਐਕਜ਼ੋਨੋਬੈਲ ਇੰਡੀਆ ਦੀ ਪਹਿਲ ਦਾ ਸਵਾਗਤ ਕਰਦਿਆਂ ਕਿਹਾ ਕਿ ਇਹਨਾਂ ਟੈਬਲੇਟ ਨਾਲ ਵਿਦਿਆਰਥੀਆਂ ਦੀ ਸਿੱਖਣ-ਸਿਖਾਉਣ ਪ੍ਰਕਿਰਿਆ ਅਸਾਨ ਹੋਵੇਗੀ।

ਮੈਡਮ ਅਨਮੋਲ ਕੌਰ ਪਰਿਵਰਤਨ ਪ੍ਰੋਜੈਕਟ ਕੋਆਰਡੀਨੇਟਰ ਨੇ ਦੱਸਿਆ ਕਿ ਐਕਜ਼ੋਨੋਬੇਲ ਇੰਡੀਆ ਸੰਸਥਾ ਨੇ ਮੋਹਾਲੀ ਦੇ 10 ਸਕੂਲ ਅਡਾਪਟ ਕੀਤੇ ਹੋਏ ਹਨ। ਸਕੂਲਾਂ ਵਿੱਚ 389 ਵਿਦਿਆਰਥੀਆਂ ਦੀ ਰੈਮੇਡੀਅਲ ਕੋਚਿੰਗ ਲਈ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਇਹ ਗਿਣਤੀ ਵਧਣ ਦੀ ਉਮੀਦ ਹੈ। ਕੋਵਿਡ ਸਮੇਂ ਦੌਰਾਨ ਵੀ ਪਰਿਵਰਤਨ ਪ੍ਰੋਜੈਕਟ ਤਹਿਤ ਆਨਲਾਈਨ ਸਿੱਖਿਆ ਦੇਣ ਦਾ ਉੱਦਮ ਕੀਤਾ ਗਿਆ। ਅਨਮੋਲ ਕੌਰ ਨੇ ਸੰਸਥਾ ਵੱਲੋਂ ਕੀਤੇ ਗਏ ਪ੍ਰੋਗਰਾਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਸਕੂਲ ਮੁਖੀ ਸੰਜੀਵ ਕੁਮਾਰ ਨੇ ਸਮੂਹ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਸਕੂਲ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ।

ਇਸ ਸਮਾਗਮ ਵਿੱਚ ਸੁਰੇਖਾ ਠਾਕੁਰ ਸਹਾਇਕ ਸਟੇਟ ਪ੍ਰੋਜੈਕਟ ਡਾਇਰੈਕਟਰ, ਡਾ. ਕੰਚਨ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮੋਹਾਲੀ, ਰਾਜਿੰਦਰ ਸਿੰਘ ਚਾਨੀ ਸਟੇਟ ਮੀਡੀਆ ਕੋਆਰਡੀਨੇਟਰ, ਬੀ. ਕੇ. ਗੋਇਲ ਸਰਪੰਚ, ਗੁਰਬਾਜ ਸਿੰਘ ਪੰਚ, ਭਰਪੂਰ ਸਿੰਘ ਪੰਚ, ਹਰਿੰਦਰ ਸਿੰਘ ਸਮਾਜ ਸੇਵੀ, ਅਮਰਦੀਪ ਸਿੰਘ ਬਾਠ, ਦੇਵ ਕਰਨ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਮੋਹਾਲੀ  ਵੀ ਮੌਜੂਦ ਸਨ।