Corona Virus
ਪੁਲਿਸ ਕਰਮੀਆਂ ਦੇ ਪਰਿਵਾਰਕ ਮੈਂਬਰ ਵੀ ਨਿਭਾ ਰਹੇ ਨੇ ਡਿਊਟੀ

ਰੋਪੜ, 2 ਅਪ੍ਰੈਲ- ਕੋਵਿਡ19 ਨਾਲ ਨਜਿੱਠਣ ਲਈ ਜਿੱਥੇ ਪੁਲਿਸ ਕਰਮਚਾਰੀ ਲਗਾਤਾਰ ਡਿਊਟੀ ਨਿਭਾ ਰਹੇ ਹਨ, ਇਸ ਲੜਾਈ ਵਿਚ ਰੋਪੜ ਪੁਲਿਸ ਵਾਲਿਆਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਲਈ ਵੱਡੀ ਤਾਕਤ ਦੇ ਥੰਮ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰ, ਘਰ ਵਿਚ ਮਾਸਕ ਬਣਾ ਕੇ ਸਮਾਜ ਦੀ ਬਹੁਤ ਸੇਵਾ ਕਰ ਰਹੇ ਹਨ। ਐਸਐਸਪੀ ਰੋਪੜ, ਸਵਪਨ ਸ਼ਰਮਾ ਨੇ ਅੱਜ ਦੱਸਿਆ ਕਿ ਪਿਛਲੇ ਇਕ ਹਫ਼ਤੇ ਤੋਂ ਪੁਲਿਸ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ 800 ਮਾਸਕ ਤੋਂ ਇਲਾਵਾ 33,000 ਤੋਂ ਵੱਧ ਸੁੱਕੇ ਰਾਸ਼ਨ ਦੇ ਪੈਕਟ ਵੀ ਤਿਆਰ ਕੀਤੇ ਗਏ ਹਨ।
ਐੱਸ ਐੱਸ ਪੀ ਨੇ ਕਿਹਾ ਕਿ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਅਤੇ ਪਿੰਡਾਂ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਸੁੱਕੇ ਰਾਸ਼ਨ ਦੇ ਪੈਕੇਟ ਵੰਡੇ ਗਏ ਹਨ, ਤੇ ਹਰ ਨਾਕਾ ਪੁਆਇੰਟ ਤੇ ਮਾਸਕ ਵੰਡੇ ਗਏ ਹਨ, ਜੋ ਸਮਾਜ ਵਿਚ ਹੋਰਨਾਂ ਲਈ ਪ੍ਰੇਰਣਾ ਦਾ ਸਰੋਤ ਹਨ। ਹਰ ਪਰਿਵਾਰ ਵੱਲੋਂ ਇਸ ਮਹਾਂਮਾਰੀ ਨਾਲ ਲੜਨ ਲਈ 500 ਰੁਪਏ ਦਾ ਯੋਗਦਾਨ ਵੀ ਦਿੱਤਾ ਗਿਆ ਹੈ। ਪੁਲਿਸ ਕੁਆਰਟਰਾਂ ਵਿੱਚ ਰਹਿਣ ਵਾਲੇ ਲਗਭਗ 100 ਪਰਿਵਾਰਾਂ ਵਿੱਚੋਂ, ਲਗਭਗ 30 ਪਰਿਵਾਰ ਮਦਦ ਲਈ ਅੱਗੇ ਆਏ ਹਨ। ਘਰਾਂ ਵਿੱਚ ਸਿਲਾਈ ਮਸ਼ੀਨਾਂ ਉੱਤੇ ਮਾਸਕ ਬਣਾਉਂਦੇ ਹੋਏ, ਉਹ ਸੁਰੱਖਿਆ ਅਤੇ ਸਿਹਤ ਨੂੰ ਯਕੀਨੀ ਬਣਾਉਣ ਲਈ ਆਪਣੀ ਪੂਰੀ ਵਾਹ ਲਾ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਗੈਰ ਸਰਕਾਰੀ ਸੰਗਠਨਾਂ ਅਤੇ ਆਮ ਜਨਤਾ ਵੱਲੋਂ ਦਾਨ ਕੀਤੇ ਗਏ ਰਾਸ਼ਨ ਦੇ ਪੈਕ ਬਣਾ ਕੇ ਪੁਲਿਸ ਦੇ ਜਵਾਨਾਂ ‘ਤੇ ਬੋਝ ਘੱਟ ਕਰਨ ਲਈ ਪਤੀ-ਪਤਨੀ, ਬੱਚੇ ਅਤੇ ਮਾਪੇ ਵੀ ਉਤਸ਼ਾਹ ਨਾਲ ਭਾਗ ਲੈ ਰਹੇ ਹਨ।