Punjab
ਮਸ਼ਹੂਰ ਕੱਥਕ ਸਮਰਾਟ ਪੰਡਿਤ ਬਿਰਜੂ ਮਹਾਰਾਜ ਦਾ ਹੋਇਆ ਦੇਹਾਂਤ

ਨਵੀਂ ਦਿੱਲੀ:
ਮਸ਼ਹੂਰ ਕੱਥਕ ਡਾਂਸਰ ਪੰਡਿਤ ਬਿਰਜੂ ਮਹਾਰਾਜ ਦਾ ਦੇਹਾਂਤ ਹੋ ਗਿਆ ਹੈ। 83 ਸਾਲਾ ਕਥਕ ਸਮਰਾਟ ਬਿਰਜੂ ਮਹਾਰਾਜ ਦਾ ਐਤਵਾਰ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿੱਲੀ ਸਥਿਤ ਉਨ੍ਹਾਂ ਦੇ ਘਰ ‘ਚ ਦਿਹਾਂਤ ਹੋ ਗਿਆ। ਹਾਲ ਹੀ ‘ਚ ਪੰਡਿਤ ਬਿਰਜੂ ਮਹਾਰਾਜ ਕਿਡਨੀ ਸੰਬੰਧੀ ਬੀਮਾਰੀ ਤੋਂ ਪੀੜਤ ਸਨ। ਇਸ ਤੋਂ ਬਾਅਦ ਉਹ ਡਾਇਲਸਿਸ ‘ਤੇ ਵੀ ਰਹੇ ਸਨ। ਪੰਡਿਤ ਜੀ ਜਾਂ ਮਹਾਰਾਜ ਜੀ ਦੇ ਨਾਂ ਨਾਲ ਮਸ਼ਹੂਰ 83 ਸਾਲ ਦੇ ਬਿਰਜੂ ਮਹਾਰਾਜ ਭਾਰਤ ਦੇ ਸਭ ਤੋਂ ਮਸ਼ਹੂਰ ਕਲਾਕਾਰਾਂ ਵਿੱਚੋਂ ਇੱਕ ਸਨ। ਉਨ੍ਹਾਂ ਦਾ ਅਸਲੀ ਨਾਂ ਪੰਡਿਤ ਬ੍ਰਿਜਮੋਹਨ ਮਿਸ਼ਰਾ ਸੀ।
ਬਿਰਜੂ ਮਹਾਰਾਜ ਦਾ ਜਨਮ 4 ਫਰਵਰੀ 1938 ਨੂੰ ਲਖਨਊ ਵਿੱਚ ਹੋਇਆ ਸੀ। ਬਿਰਜੂ ਮਹਾਰਾਜ ਕਥਕ ਡਾਂਸਰ ਹੋਣ ਤੋਂ ਇਲਾਵਾ ਕਲਾਸੀਕਲ ਗਾਇਕ ਵੀ ਸਨ। 1986 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਬਿਰਜੂ ਮਹਾਰਾਜ ਨੂੰ ਸੰਗੀਤ ਨਾਟਕ ਅਕਾਦਮੀ (1964), ਕਾਲੀਦਾਸ ਸਨਮਾਨ (1987) ਅਤੇ ਲਤਾ ਮੰਗੇਸ਼ਕਰ ਪੁਰਸਕਾਰ (2002) ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਈ ਬਾਲੀਵੁੱਡ ਫਿਲਮਾਂ ਵਿੱਚ ਡਾਂਸ ਦੀ ਕੋਰੀਓਗ੍ਰਾਫੀ ਵੀ ਕੀਤੀ। ਇਸ ਵਿੱਚ ਉਮਰਾਓ ਜਾਨ, ਡੇਢ ਇਸ਼ਕੀਆਂ, ਬਾਜੀ ਰਾਓ ਮਸਤਾਨੀ ਵਰਗੀਆਂ ਫਿਲਮਾਂ ਸ਼ਾਮਲ ਹਨ। ਬਿਰਜੂ ਮਹਾਰਾਜ ਨੂੰ ਫਿਲਮ ‘ਵਿਸ਼ਵਰੂਪਮ’ ‘ਚ ਕੋਰੀਓਗ੍ਰਾਫੀ ਲਈ 2012 ‘ਚ ਨੈਸ਼ਨਲ ਫਿਲਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਦੇ ਨਾਲ ਹੀ 2016 ‘ਚ ਉਨ੍ਹਾਂ ਨੂੰ ਫਿਲਮ ‘ਬਾਜੀਰਾਓ ਮਸਤਾਨੀ’ ਦੇ ਗੀਤ ‘ਮੋਹੇ ਰੰਗ ਦੋ ਲਾਲ’ ਲਈ ਫਿਲਮਫੇਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।