Corona Virus
ਕੋਰੋਨਾ ਵਾਇਰਸ ਕਾਰਨ ਖੱਜਲ ਹੋ ਰਿਹਾ ਹੈ ਦੇਸ਼ ਦਾ ਅੰਨਦਾਤਾ

ਕੋਰੋਨਾ ਵਾਇਰਸ ਦੇ ਕਾਰਨ ਪੂਰੇ ਦੇਸ਼ ਭਰ ਦੇ ਵਿੱਚ ਲੋਕ ਡਾਊਨ ਦਾ ਐਲਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਲਗਾਤਾਰ ਕਰਫਿਊ ਜਾਰੀ ਹੈ। ਕੋਰੋਨਾ ਵਾਇਰਸ ਦੀ ਮਾਰ ਕਿਸਾਨਾਂ ਤੇ ਵੀ ਪੈ ਰਹੀ ਹੈ। ਕੋਰੋਨਾ ਵਾਇਰਸ ਦੇ ਚੱਲਦੇ ਜਿੱਥੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਕਣਕ ਦੀ ਵਢਾਈ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ 7 ਵਜੇ ਤੱਕ ਦਾ ਨਿਧਾਰਤ ਕੀਤਾ ਹੈ। ਪਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪੰਜਾਬ ਦੇ ਜਨਰਲ ਸਕੱਤਰ ਓਂਕਾਰ ਸਿੰਘ ਅਗੌਲ ਨੇ ਕਿਹਾ ਕਿ ਇਹ ਸਮਾਂ ਕਿਸਾਨਾਂ ਨੂੰ ਰਾਸ ਨਹੀਂ ਆ ਰਿਹਾ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਦਾ ਸਮਾਂ ਰਾਤ ਦਾ ਕਰੇ, ਰਾਤ ਨੂੰ ਹੀ ਕਣਕ ਦੀ ਵਢਾਈ ਵਧੀਆ ਢੰਗ ਦੇ ਨਾਲ ਹੋ ਸਕਦੀ ਹੈ, ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਕਣਕ ਦੀ ਕੋਈ ਪਾਲਿਸੀ ਨਹੀਂ ਬਣਾਈ ਗਈ ਜਿਸ ਕਰਕੇ ਕਿਸਾਨ ਇਸ ਵਾਰ ਖੱਜਲ ਖਵਾਰ ਹੋਵੇਗਾ।
ਅਗੌਲ ਨੇ ਕਿਹਾ ਕਿ ਪੰਜਾਬ ਦਾ ਅੰਨਦਾਤਾ ਕਿਸਾਨ ਜਿਸਦਾ 480 ਲੱਖ ਟਨ ਅਨਾਜ ਦੇਸ਼ ਵਿੱਚ ਭੰਡਾਰ ਹੋਇਆ ਪਿਆ ਹੈ ਅਤੇ ਅੱਜ ਕੋਰੋਨਾ ਵਾਇਰਸ ਦੀ ਨਾਮੁਰਾਦ ਬਿਮਾਰੀ ਦੇ ਕਾਰਨ ਹੀ ਦੇਸ਼ ਇਹ ਅੰਨ ਵਰਤ ਰਿਹਾ ਹੈ ਕੇਂਦਰ ਸਰਕਾਰ ਕਿਸਾਨਾਂ ਨੂੰ ਸ਼ਾਬਾਸ਼ ਦੇਵੇ। ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਰਲ ਕੇ ਹੀ ਕਿਸਾਨਾਂ ਦੇ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਇਸ ਦਾ ਢੁੱਕਵਾਂ ਹੱਲ ਕਰੇ ਨਹੀਂ ਤਾਂ ਕਿਸਾਨ ਬਿਲਕੁਲ ਹੀ ਮਰ ਜਾਵੇਗਾ।